ਪੰਜਾਬ ''ਚ ਖ਼ਤਮ ਹੋਇਆ Lok Sabha Election 2024 ਦਾ ਚੋਣ ਪ੍ਰਚਾਰ , 328 ਉਮੀਦਵਾਰ ਲੜਨਗੇ ਚੋਣ

 ਪੰਜਾਬ ''ਚ ਖ਼ਤਮ ਹੋਇਆ Lok Sabha Election 2024 ਦਾ ਚੋਣ ਪ੍ਰਚਾਰ , 328 ਉਮੀਦਵਾਰ ਲੜਨਗੇ ਚੋਣ

ਲੋਕ ਸਭਾ ਚੋਣਾਂ 2024 ਦੇ ਆਖ਼ਰੀ ਪੜਾਅ ਲਈ ਅੱਜ ਪੰਜਾਬ 'ਚ ਵੀ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਆਉਣਗੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਲੜਨਗੇ । 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਰਹੇ ਹਨ ,ਜਦਕਿ ਲੋਕ ਸਭਾ ਚੋਣਾਂ-2014 ਵਿੱਚ 253 ਅਤੇ 2019 ਵਿੱਚ ਕੁੱਲ 278 ਉਮੀਦਵਾਰਾਂ ਨੇ ਚੋਣ ਲੜੀ ਸੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ ਤੱਕ ਕੁੱਲ 25 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲਏ ਹਨ। ਇਸ ਤੋਂ ਪਹਿਲਾਂ ਸੂਬੇ ਵਿੱਚ 466 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਅਤੇ ਕਾਗਜ਼ਾਂ ਦੀ ਪੜਤਾਲ ਤੇ ਪੱਤਰ ਵਾਪਸੀ ਤੋਂ ਬਾਅਦ ਕੁੱਲ ਉਮੀਦਵਾਰਾਂ ਦੀ ਗਿਣਤੀ 328 ਰਹਿ ਗਈ ਹੈ, ਜਿਨ੍ਹਾਂ ਵਿੱਚ 302 ਮਰਦ ਅਤੇ 26 ਮਹਿਲਾ ਉਮੀਦਵਾਰ ਸ਼ਾਮਲ ਹਨ। 

ਉਨ੍ਹਾਂ ਦੱਸਿਆ ਕਿ ਲੁਧਿਆਣਾ ਲੋਕ ਸਭਾ ਸੀਟ ਉੱਤੇ ਸਭ ਤੋਂ ਵੱਧ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 23 ਮਰਦ ਅਤੇ 3 ਬੀਬੀਆਂ ਸ਼ਾਮਲ ਹਨ। ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 26 ਮਰਦ ਅਤੇ 4 ਬੀਬੀਆਂ ਸ਼ਾਮਲ ਹਨ। ਸ੍ਰੀ ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ,ਜਿਨ੍ਹਾਂ ਵਿੱਚ ਸਾਰੇ ਉਮੀਦਵਾਰ ਮਰਦ ਹਨ।

ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਮਰਦ ਅਤੇ 3 ਬੀਬੀ ਉਮੀਦਵਾਰ ਸ਼ਾਮਲ ਹਨ। ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰਾਂ ਵਿੱਚੋਂ 14 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣਾਂ ਲੜ ਰਹੀਆਂ ਹਨ। ਆਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਬੀਬੀ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 13 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ। ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜੋ ਕਿ ਸਾਰੇ ਮਰਦ ਹਨ। ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿੱਚ 15 ਮਰਦ ਅਤੇ 3 ਬੀਬੀ ਉਮੀਦਵਾਰ ਸ਼ਾਮਲ ਹਨ। ਸੰਗਰੂਰ ਤੋਂ 23 ਉਮੀਦਵਾਰਾਂ ਵਿੱਚੋਂ 22 ਮਰਦ ਅਤੇ 1 ਬੀਬੀ ਉਮੀਦਵਾਰ ਚੋਣ ਲੜ ਰਹੇ ਹਨ ਜਦਕਿ ਪਟਿਆਲਾ ਤੋਂ 26 ਉਮੀਦਵਾਰਾਂ ਵਿੱਚੋਂ 23 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।