ਖਡੂਰ ਸਾਹਿਬ ਹਲਕੇ ਦੀ ਸੀਟ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਪਾਲ ਲਈ ਛੱਡੀ, ਉਮੀਦਵਾਰ ਲਿਆ ਵਾਪਸ

 ਖਡੂਰ ਸਾਹਿਬ ਹਲਕੇ ਦੀ ਸੀਟ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਪਾਲ ਲਈ ਛੱਡੀ, ਉਮੀਦਵਾਰ ਲਿਆ ਵਾਪਸ

ਅਕਾਲੀ ਦਲ ਅੰਮ੍ਰਿਤਰ ਨੇ ਅਪਣੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰਦਿਆਂ ਖਡੂਰ ਸਾਹਿਬ ਸੀਟ ਅੰਮ੍ਰਿਤਪਾਲ ਸਿੰਘ ਲਈ ਖ਼ਾਲੀ ਛੱਡਣ ਦਾ ਐਲਾਨ ਕੀਤਾ ਹੈ। ਪਹਿਲਾਂ ਇਥੋਂ ਪਾਰਟੀ ਨੇ ਹਰਪਾਲ ਸਿੰਘ ਬਲੇਰ ਨੂੰ ਉਮੀਦਵਾਰ ਐਲਾਨਿਆ ਸੀ ਪਰ ਹੁਣ ਉਹ ਅੰਮ੍ਰਿਤਪਾਲ ਸਿੰਘ ਨਾਲ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਭਰਨਗੇ ਤਾਂ ਜੋ ਅੰਮ੍ਰਿਤਪਾਲ ਸਿੰਘ ਦੇ ਕਾਗ਼ਜ਼ਾਂ ਵਿਚ ਕੋਈ ਅੜਿੱਕਾ ਪੈਣ ਦੀ ਸੂਰਤ ਵਿਚ ਉਨ੍ਹਾਂ ਨੂੰ ਚੋਣ ਲੜਾਈ ਜਾ ਸਕੇ। ਇਹ ਐਲਾਨ ਸ਼ਾਮ ਇਥੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਵਿਚ ਕੀਤਾ।

ਇਕ ਹੋਰ ਅਹਿਮ ਐਲਾਨ ਕਰਦਿਆਂ ਗੁਰਦਾਸਪੁਰ ਲੋਕ ਸਭਾ ਸੀਟ ਉਪਰ ਬੇਗ਼ਮਪੁਰ ਖ਼ਾਲਸਾ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਦਾ ਸਮਰਥਨ ਕੀਤਾ ਗਿਆ ਹੈ। ਕੁੰਵਰ ਜਗਬੀਰ ਸਿੰਘ ਸੰਹੂਗੜਾ ਨੂੰ ਪਾਰਟੀ ਵਲੋਂ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਦੇ ਪਿਤਾ ਮਰਹੂਮ ਸਿੰਗਾੜਾ ਰਾਮ ਸੰਹੂਗੜਾ ਗੜ੍ਹਸ਼ੰਕਰ ਹਲਕੇ ਤੋਂ ਬਸਪਾ ਵਲੋਂ ਵਿਧਾਇਕ ਰਹਿ ਚੁੱਕੇ ਹਨ।

ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਵਲੋਂ ਚੋਣ ਲੜਨ ਦੇ ਫ਼ੈਸਲੇ ਉਪਰ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਕੋ ਜਿਹੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕ ਦੂਜੇ ਵਿਰੁਧ ਨਹੀਂ ਖੜਾ ਹੋਣਾ ਚਾਹੀਦਾ। ਮਾਨ ਨਾਲ ਪ੍ਰੈਸ ਕਾਨਫ਼ਰੰਸ ਵਿਚ ਸੀਨੀਅਰ ਆਗੂ ਜਥੇਦਾਰ ਧਿਆਨ ਸਿੰਘ ਮੰਡ, ਡਾ. ਹਰਜਿੰਦਰ ਸਿੰਘ ਜੱਖੂ, ਕੁਸ਼ਲਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਗੋਪਾਲ ਸਿੰਘ ਝਾੜੋ ਤੇ ਸਿਮਰਜੀਤ ਸਿੰਘ ਵੀ ਮੌਜੂਦ ਸਨ।