30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਪਤਨੀ ਨੇ ਰੱਖ''ਤੀ ਤਲਾਕ ਦੀ ਮੰਗ

 30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਪਤਨੀ ਨੇ ਰੱਖ''ਤੀ ਤਲਾਕ ਦੀ ਮੰਗ

ਲੁਧਿਆਣਾ ਜ਼ਿਲ੍ਹੇ ਦੇ ਪਾਇਲ ਇਲਾਕੇ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਹੁਰੇ ਪਰਿਵਾਰ ਨੇ 30 ਲੱਖ ਰੁਪਏ ਖ਼ਰਚ ਕਰ ਕੇ ਨੂੰਹ ਨੂੰ ਵਿਦੇਸ਼ ਭੇਜਿਆ ਸੀ ਤੇ ਨੂੰਹ ਨੇ ਬਾਅਦ 'ਚ ਆਪਣੇ ਪਤੀ ਨੂੰ ਸੱਦਣ ਤੋਂ ਇਨਕਾਰ ਕਰ ਦਿੱਤਾ। ਇਹੀ ਨਹੀਂ, ਜਦੋਂ ਸਹੁਰਾ ਪਰਿਵਾਰ ਵੱਲੋਂ ਉਸ ਦੇ ਪਤੀ ਨੂੰ ਵਿਦੇਸ਼ ਬੁਲਾਉਣ ਦੀ ਵਾਰ-ਵਾਰ ਮੰਗ ਰੱਖੀ ਗਈ ਤਾਂ ਉਸ ਨੇ ਅੱਗੋਂ ਤਲਾਕ ਦੀ ਮੰਗ ਰੱਖ ਦਿੱਤੀ। ਇਸ ਸਬੰਧੀ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਰਾਹਾ ਪੁਲਸ ਨੇ ਵਿਦੇਸ਼ 'ਚ ਰਹਿੰਦੀ ਨੂੰਹ ਦੇ ਖਿਲਾਫ਼ ਧਾਰਾ 420, 406 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਅਮਰਜੀਤ ਸਿੰਘ (ਪ੍ਰਧਾਨ) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬਰਮਾਲੀਪੁਰ ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਨੇ ਪੰਜਾਬ ਪੁਲਸ ਦੇ ਪਬਲਿਕ ਸ਼ਿਕਾਇਤ ਪੋਰਟਲ 'ਤੇ ਸ਼ਿਕਾਇਤ ਨੰਬਰ 318386 ਮਿਤੀ 14.03.2024 ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੇ ਲੜਕੇ ਮਨਦੀਪ ਸਿੰਘ ਦਾ ਰਿਸ਼ਤਾ ਮਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਕਾਲਖ, ਜ਼ਿਲ੍ਹਾ ਲੁਧਿਆਣਾ ਨਾਲ 11.11.2009 ਨੂੰ ਹੋਇਆ ਸੀ, ਜਿਸ ਤੋਂ ਬਾਅਦ ਉਸ ਦੇ ਸਹੁਰਾ ਅਮਰਜੀਤ ਸਿੰਘ ਨੇ ਸਾਰਾ ਖਰਚਾ ਕਰਕੇ ਮਨਦੀਪ ਕੌਰ ਨੂੰ 20.04.2010 ਕੈਨੇਡਾ ਭੇਜ ਦਿੱਤਾ।

ਇਸ ਦੌਰਾਨ ਵਾਪਸ ਆ ਕੇ ਮਨਦੀਪ ਕੌਰ ਨੇ 23.12.11 ਨੂੰ ਉਸ ਦੇ ਲੜਕੇ ਮਨਦੀਪ ਸਿੰਘ ਨਾਲ ਵਿਆਹ ਕਰਵਾ ਲਿਆ। ਇਸ ‘ਤੇ ਉਸ ਦਾ ਕੁੱਲ 30 ਲੱਖ ਰੁਪਏ ਖਰਚਾ ਆਇਆ। ਵਿਆਹ ਤੋਂ ਇਕ ਮਹੀਨੇ ਬਾਅਦ ਮਨਦੀਪ ਕੌਰ ਕੈਨੇਡਾ ਚਲੀ ਗਈ ਅਤੇ 30.10.2013 ਨੂੰ ਮਨਦੀਪ ਕੌਰ ਭਾਰਤ ਵਾਪਸ ਆਪਣੇ ਸਹੁਰੇ ਘਰ ਆ ਗਈ ਅਤੇ ਕਰੀਬ 3 ਮਹੀਨੇ ਰਹਿਣ ਤੋਂ ਬਾਅਦ ਉਹ ਮੁੜ ਕੈਨੇਡਾ ਚਲੀ ਗਈ। ਜਿਸ ਤੋਂ ਬਾਅਦ ਮਨਦੀਪ ਕੌਰ ਨੇ ਆਪਣੇ ਪਤੀ ਮਨਦੀਪ ਸਿੰਘ ਨੂੰ ਕੈਨੇਡਾ ਬੁਲਾਉਣ ਤੋਂ ਸਹੁਰਾ ਪਰਿਵਾਰ ਨੂੰ ਸਾਫ਼ ਇਨਕਾਰ ਕਰ ਦਿੱਤਾ ਅਤੇ ਹੁਣ ਆਪਣੇ ਪਤੀ ਮਨਦੀਪ ਸਿੰਘ ਤੋਂ ਤਲਾਕ ਦੀ ਮੰਗ ਕਰਨ ਲੱਗੀ।

ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ.ਐੱਸ.ਆਈ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਹਿਲਾ ਮੁਲਜ਼ਮ ਖਿਲਾਫ਼ ਧੋਖਾਧੜੀ ਦੀਆ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਯਤਨ ਕੀਤੇ ਜਾਣਗੇ।