- Updated: September 21, 2026 08:05 PM
ਲੁਧਿਆਣਾ ਦੇ ਪੱਖੋਵਾਲ ਰੋਡ ਹੋਟਲ ਦੇ ਕਮਰਾ ਨੰਬਰ 508 ਵਿੱਚੋ 70 ਸਾਲਾਂ ਬਜ਼ੁਰਗ ਦੀ ਸ਼ੱਕੀ ਹਾਲਤ ਵਿੱਚ ਮ੍ਰਿਤਕ ਦੇਹ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਕਮਰੇ ਵਿਚੋਂ ਇੱਕ ਕਥਿਤ ਸੁਸਾਈਡ ਨੋਟ ਵੀ ਮਿਲਿਆ ਹੈ। ਸੁਸਾਈਡ ਨੋਟ ਵੀ ਕੁਝ ਲੋਕਾਂ ਦੇ ਨਾਂ ਲਿਖੇ ਹਨ, ਹਾਲਾਂਕਿ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਬਜ਼ੁਰਗ ਦੀ ਮੌਤ ਦੀ ਖਬਰ ਮਿਲਦੇ ਹੀ ਉਨ੍ਹਾਂ ਦਾ ਪਰਿਵਾਰ ਵੀ ਹੋਟਲ ਪਹੁੰਚ ਗਿਆ।
ਮ੍ਰਿਤਕ ਦੀ ਪਛਾਣ ਸਤਨਾਮ ਸਿੰਘ (70) ਨਿਵਾਸੀ ਸਰਾਭਾ ਨਗਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਹ ਹੋਟਲ ਦੀ 5ਵੀਂ ਮੰਜ਼ਿਲ ਕਮਰਾ ਨੰਬਰ 5 ਵਿਚ ਰੁਕੇ ਸਨ, ਇੱਕ ਦਿਨ ਪਹਿਲਾਂ ਹੀ ਉਹ ਹੋਟਲ ਵਿਚ ਆਏ ਸਨ। ਸੋਮਵਾਰ ਨੂੰ ਜਦੋਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਹੋਟਲ ਸਟਾਫ ਨੇ ਮਾਸਟਰ ਚਾਬੀ ਨਾਲ ਕਮਰਾ ਖੋਲ੍ਹਿਆ ਤਾਂ ਅੰਦਰ ਬਜ਼ੁਰਗ ਦੀ ਮ੍ਰਿਤਕ ਦੇਹ ਪਈ ਸੀ। ਸੂਚਨਾ ਮਿਲਦੇ ਹੀ ਪੁਲਿਸ ਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਤੇ ਮ੍ਰਿਤਕ ਦੇਹ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸ ਦੇ ਪਿਤਾ ਇੰਗਲੈਂਡ ਤੋਂ ਕਦੋਂ ਆਏ, ਕਦੋਂ ਹੋਟਲ ਵਿਚ ਰੁਕੇ, ਇਹ ਉਨ੍ਹਾਂ ਨੂੰ ਵੀ ਪਤਾ ਨਹੀਂ ਚਲਿਆ। ਉਹ ਕੱਲ੍ਹ ਤੱਕ ਉਨ੍ਹਾਂ ਦੇ ਇੰਗਲੈਂਡ ਵਾਲੇ ਨੰਬਰ ‘ਤੇ ਗੱਲ ਕਰ ਰਹੇ ਸਨ। ਅੱਜ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਇਸ ਤੋਂ ਬਾਅਦ ਹੋਟਲ ਸਟਾਫ ਨੇ ਉਨ੍ਹਾਂ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ।
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਆਪਣੀਆਂ ਭੈਣਾਂ ਨਾਲ ਵਿਵਾਦ ਚੱਲ ਰਿਹਾ ਸੀ, ਉਸ ਦੀਆਂ ਭੈਣਾਂ ਨੇ ਉਨ੍ਹਾਂ ‘ਤੇ ਝੂਠੇ ਕੇਸ ਪਾਏ ਸਨ, ਜਿਸ ਕਰਕੇ ਉਹ ਪ੍ਰੇਸ਼ਾਨ ਚੱਲ ਰਹੇ ਸਨ। ਪਰਿਵਾਰ ਨੇ ਦੱਸਿਆ ਕਿ ਹਾਲਾਂਕਿ ਇਸ ਦਾ ਬਜ਼ੁਰਗ ਦੀ ਮੌਤ ਨਾਲ ਸਿੱਧਾ ਸਬੰਧ ਨਹੀਂ ਹੈ, ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।