ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਵੱਡੀ ਕਾਰਵਾਈ, ਪਹਿਲੀ ਵਾਰ ‘ਇਕ ਪਰਿਵਾਰ, ਇਕ ਟਿਕਟ’ ਦੇ ਨਿਯਮ ਦੀ ਪਾਲਣਾ ਕਰਨ ਆ ਲਿਆ ਫ਼ੈਸਲਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਵੱਡੀ ਕਾਰਵਾਈ, ਪਹਿਲੀ ਵਾਰ ‘ਇਕ ਪਰਿਵਾਰ, ਇਕ ਟਿਕਟ’ ਦੇ ਨਿਯਮ ਦੀ ਪਾਲਣਾ ਕਰਨ ਆ ਲਿਆ ਫ਼ੈਸਲਾ

ਲੋਕ ਸਭਾ ਚੋਣਾਂ ਲਈ ਪੰਜਾਬ ’ਚ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ‘ਇਕ ਪਰਿਵਾਰ, ਇਕ ਟਿਕਟ’ ਦੇ ਨਿਯਮ ਦੀ ਪਾਲਣਾ ਕਰੇਗਾ। ਇਸ ਦਾ ਮਤਲਬ ਹੈ ਕਿ ਬਾਦਲ ਪਰਿਵਾਰ ’ਚੋਂ ਕੋਈ ਇਕ ਹੀ ਵਿਅਕਤੀ ਚੋਣਾਂ ਲੜੇਗਾ। ਇਸ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਜਦਕਿ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਵੱਲੋਂ ਸਿਰਫ਼ ਹਰਸਿਮਰਤ ਕੌਰ ਬਾਦਲ ਹੀ ਚੋਣ ਲੜਨਗੇ। ਉਹ ਆਪਣੀ ਮੌਜੂਦਾ ਸੀਟ ਬਠਿੰਡਾ ਤੋਂ ਹੀ ਮੈਦਾਨ ’ਚ ਨਿੱਤਰਨਗੇ। ਪਹਿਲਾਂ ਚਰਚੇ ਸਨ ਕਿ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਸਕਦੇ ਹਨ ਪਰ ਸੂਤਰਾਂ ਨੇ ਇਸ ਚਰਚਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।

ਬਾਦਲ ਪਰਿਵਾਰ ਤੋਂ ਇਲਾਵਾ ਕਈ ਸੀਨੀਅਰ ਅਕਾਲੀ ਆਗੂ ਲੰਮੇ ਸਮੇਂ ਤੋਂ ‘ਇਕ ਪਰਿਵਾਰ, ਇਕ ਟਿਕਟ’ ਦੇ ਨਿਯਮ ਦੀ ਵਕਾਲਤ ਕਰ ਰਹੇ ਸਨ। ਸਾਬਕਾ ਵਿਧਾਇਕ ਸਿਕੰਦਰ ਸਿੰਘ ਮਲੂਕਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ’ਤੇ ਵਿਵਾਦ ਮਗਰੋਂ ਇਹ ਮੁੱਦਾ ਚੁੱਕਿਆ ਸੀ। ਸੂਤਰਾਂ ਨੇ ਦੱਸਿਆ ਕਿ ਪਾਰਟੀ ਅੰਦਰ ਇਹ ਚਰਚਾ ਵੀ ਸੀ ਕਿ ਪਾਰਟੀ ’ਤੇ ਸਿਰਫ਼ ਇਕ ਹੀ ਪਰਿਵਾਰ ਦਾ ਕਬਜ਼ਾ ਹੈ।

ਇਸ ਤਰ੍ਹਾਂ ‘ਇਕ ਪਰਿਵਾਰ-ਇਕ ਟਿਕਟ’ ਦੇ ਨਿਯਮ ਦਾ ਪਾਲਣ ਕਰਨ ਦਾ ਫ਼ੈਸਲਾ ਲਿਆ ਗਿਆ। ਸੁਖਬੀਰ ਬਾਦਲ ਪਹਿਲਾਂ ਤੋਂ ਹੀ ਸੀਨੀਅਰ ਅਕਾਲੀ ਆਗੂਆਂ ਨਾਲ ਮਤਭੇਦ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਅਤੀਤ ਵਿਚ ਪਾਰਟੀ ਲੀਡਰਸ਼ਿਪ ਵੱਲੋਂ ਲਏ ਗਏ ਕਈ ਫ਼ੈਸਲਿਆਂ ’ਤੇ ਅਫਸੋਸ ਵੀ ਜ਼ਾਹਿਰ ਕੀਤਾ ਹੈ। ਇਸ ਮਗਰੋਂ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਕਈ ਬਾਗੀ ਆਗੂ ਪਾਰਟੀ ’ਚ ਮੁੜ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਆਗੂ ਜਿਹੜੇ ਅਕਾਲੀ ਦਲ ਛੱਡ ਕੇ ਜਾ ਚੁੱਕੇ ਹਨ ਤੋਂ ਮੁਆਫ਼ੀ ਮੰਗਦਿਆਂ ਵਾਪਸੀ ਕਰਨ ਦੀ ਅਪੀਲ ਕੀਤੀ ਹੈ।