ਪਟਿਆਲਾ ਦੀ ਜੇਲ੍ਹ ’ਚੋਂ ਕੱਲ ਰਿਹਾਅ ਹੋਣਗੇ ਨਵਜੋਤ ਸਿੱਧੂ। 

ਪਟਿਆਲਾ ਦੀ ਜੇਲ੍ਹ ’ਚੋਂ ਕੱਲ ਰਿਹਾਅ ਹੋਣਗੇ ਨਵਜੋਤ ਸਿੱਧੂ। 

ਰੋਡਰੇਜ਼ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕੱਲ੍ਹ 1 ਅਪ੍ਰੈਲ ਨੂੰ ਰਿਹਾਅ ਹੋਣ ਜਾ ਰਹੇ ਹਨ। ਇਸ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਅਕਾਊਂਟ ’ਤੇ ਦਿੱਤੀ ਗਈ ਹੈ। ਜਿਸ ਵਿਚ ਲਿਖਿਆ ਗਿਆ ਹੈ ਕਿ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਭਲਕੇ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਜਾਣਗੇ। ਇਸ ਸੰਬੰਧੀ ਜਾਣਕਾਰੀ ਬਕਾਇਦਾ ਸਬੰਧਤ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਪਟਿਆਲਾ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿੱਧੂ ਦੀ ਰਿਹਾਈ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੱਧੂ ਪਹਿਲਾਂ ਗੁਰਦੁਆਰਾ ਸਾਹਿਬ ਦੂਖ ਨਿਵਾਰਣ ਸਾਹਿਬ ਅਤੇ ਇਤਿਹਾਸਕ ਕਾਲਾ ਮਾਤਾ ਮੰਦਰ ’ਚ ਮੱਥਾ ਟੇਕਣ ਲਈ ਜਾਣਗੇ। 

              Image

ਕੁੱਝ ਦਿਨ ਪਹਿਲਾਂ ਪਤਨੀ ਨੇ ਕੀਤੀ ਭਾਵੁਕ ਪੋਸਟ


ਨਵਜੋਤ ਕੌਰ ਸਿੱਧੂ ਨੇ ਖ਼ਤਰਨਾਕ ਕੈਂਸਰ ਹੋਣ ਦਾ ਪਤਾ ਲੱਗਣ ਤੋਂ ਬਾਅਦ ਇਕ ਭਾਵੁਕ ਪੋਸਟ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਕੈਂਸਰ ਦੂਜੀ ਸਟੇਜ ਵਿਚ ਹੈ। ਜਿਸ ਦੇ ਚੱਲਦੇ ਬੁੱਧਵਾਰ ਦੁਪਹਿਰ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਸਰਜਰੀ ਕੀਤੀ ਜਾਵੇਗੀ। ਇਸ ਦੌਰਾਨ ਭਾਵੁਕ ਟਵੀਟ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਉਸ ਅਪਰਾਧ ਲਈ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ, ਇਸ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿਓ। ਹਰ ਦਿਨ ਬਾਹਰ ਤੁਹਾਡਾ ਇੰਤਜ਼ਾਰ ਕਰਨਾ ਸ਼ਾਇਦ ਤੁਹਾਡੇ ਤੋਂ ਵੱਧ ਦੁਖੀ ਹਾਂ। ਹਮੇਸ਼ਾ ਵਾਂਗ ਤੁਹਾਡੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਹਾਂ। ਵਾਰ-ਵਾਰ ਤੁਹਾਨੂੰ ਇਨਸਾਫ਼ ਲਈ ਵਾਂਝਾ ਦੇਖ ਕੇ ਤੁਹਾਡਾ ਇੰਤਜ਼ਾਰ ਕੀਤਾ। ਸੱਚ ਬਹੁਤ ਤਾਕਤਵਰ ਹੁੰਦਾ ਹੈ ਪਰ ਇਸ ਦੀ ਪ੍ਰੀਖਿਆ ਵਾਰ-ਵਾਰ ਹੁੰਦੀ ਹੈ। ਕਲਯੁੱਗ। ਮੁਆਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਖ਼ਤਰਨਾਕ ਕੈਂਸਰ ਦੂਜੀ ਸਟੇਜ ਵਿਚ ਹੈ।