ਕੈਨੇਡਾ ’ਚ ਪਾਵਨ ਸਰੂਪਾਂ ਨੂੰ ਸੌਂਪਣ ਵੇਲੇ ਹੋਈ ਅਣਗਹਿਲੀ ਤੇ ਜਥੇਦਾਰ ਗੜਗੱਜ ਨੇ 15 ਦਿਨਾਂ ’ਚ ਮੰਗਿਆ ਸਪੱਸ਼ਟੀਕਰਨ

ਕੈਨੇਡਾ ’ਚ ਪਾਵਨ ਸਰੂਪਾਂ ਨੂੰ ਸੌਂਪਣ ਵੇਲੇ ਹੋਈ ਅਣਗਹਿਲੀ ਤੇ ਜਥੇਦਾਰ ਗੜਗੱਜ ਨੇ 15 ਦਿਨਾਂ ’ਚ ਮੰਗਿਆ ਸਪੱਸ਼ਟੀਕਰਨ

ਟੋਰਾਂਟੋ ਤੋਂ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਸਰੀ (ਬੀ. ਸੀ. ਕੈਨੇਡਾ) ਵਿਖੇ ਪਹੁੰਚੇ ਸਨ। ਪਾਵਨ ਬੀੜਾਂ ਲੈ ਕੇ ਜਾਣ ਵਾਲੀ ਗੱਡੀਆਂ ਦੀ ਮਰਿਆਦਾ ਅਤੇ ਗੁਰੂ ਸਾਹਿਬ ਦੇ ਸਤਿਕਾਰ ਪੱਖੋਂ ਜਾਂਚ ਕੀਤੇ ਬਿਨਾਂ ਹੀ ਪ੍ਰਬੰਧਕਾਂ ਵੱਲੋਂ ਪਾਵਨ ਬੀੜਾਂ ਦੇਣ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸੰਗਤ ਦੇ ਵਿਰੋਧ ਤੋਂ ਬਾਅਦ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਮੁੜ ਬਿਰਾਜਮਾਨ ਕਰਵਾਏ ਗਏ।

ਇਸ ਘਟਨਾ ਕਾਰਨ ਸਿੱਖ ਸੰਗਤਾਂ ’ਚ ਰੋਸ ਹੈ। ਭਾਵੇਂ ਗੁਰਦੁਆਰਾ ਸਾਹਿਬ ਵੱਲੋਂ ਸੋਸ਼ਲ ਮੀਡੀਆ ’ਤੇ ਖਿਮਾ ਜਾਚਨਾ ਜਨਤਕ ਕੀਤੀ ਗਈ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਐਸੋਸੀਏਸ਼ਨ ਨੂੰ ਇਸ ਅਣਗਹਿਲੀ ਸਬੰਧੀ 15 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਭੇਜਣ ਦੀ ਹਦਾਇਤ ਕੀਤੀ ਗਈ ਹੈ।

ਆਦੇਸ਼ ’ਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਰਾਹੀਂ ਐਸੋਸੀਏਸ਼ਨ ਕੋਲ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮੁਕੰਮਲ ਵੇਰਵਾ ਭੇਜਿਆ ਜਾਵੇ। ਪ੍ਰਬੰਧਕ ਇਹ ਸਪੱਸ਼ਟ ਕਰਨ ਕਿ ਕਿੰਨੀਆਂ ਬੀੜਾਂ ਸੰਗਤਾਂ ਨੂੰ ਦਿੱਤੀਆਂ ਗਈਆਂ, ਕਿੰਨੀਆਂ ਗੁਰਦੁਆਰਾ ਸਾਹਿਬ ਕੋਲ ਹਨ ਅਤੇ ਹੋਰ ਕਿੰਨੇ ਸਰੂਪਾਂ ਦੀ ਮੰਗ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੀ. ਸੀ. ਦੀ ਸਮੂਹ ਸੰਗਤ ਨੂੰ ਗੁਰੂ ਭੈਅ ’ਚ ਰਹਿ ਕੇ ਆਪਸੀ ਪ੍ਰੇਮ, ਸਦਭਾਵਨਾ ਅਤੇ ਇਤਫਾਕ ਨਾਲ ਸਹਿਯੋਗ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।