- Updated: October 07, 2024 03:25 PM
ਤਰਨ ਤਾਰਨ ਵਿੱਚ ਨਵੇਂ ਚੁਣੇ ਸਰਪੰਚ ਨੂੰ ਗੋਲੀਆਂ ਮਾਰ ਕੇਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਲਕਾ ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਨਵੇਂ ਬਣੇ ਸਰਪੰਚ ਰਾਜਵਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। ਜਿਸ ਦੌਰਾਨ ਓਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਿਥੇ ਰਾਜਵਿੰਦਰ ਨੇ ਜ਼ਖ਼ਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮੋਹਰ ਸਿੰਘ ਦੀ ਐਸ. ਸੀ. ਸਰਪੰਚ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ ਸੀ, ਜੋ ਕਿ ਰਾਜਵਿੰਦਰ ਸਿੰਘ ਦੇ ਧੜੇ ਨਾਲ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ। ਰਾਜਵਿੰਦਰ ਸਿੰਘ ਬਲਾਕ ਪੱਟੀ ਤੋਂ ਜਦ ਜਿੱਤ ਦੀ ਖੁਸ਼ੀ ਵਿਚ ਆਪਣੇ ਸਾਥੀਆਂ ਨਾਲ ਕਾਰ ਵਿਚ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਠੱਕਰਪੁਰਾ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਨ੍ਹਾਂ ਦੀ ਗੱਡੀ ਨੂੰ ਰੋਕ ਕੇ ਰਾਜਵਿੰਦਰ ਸਿੰਘ ਨੂੰ ਸਰਪੰਚੀ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਰਾਜਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ।
ਇਸ ਹਮਲੇ ਨੂੰ ਕਿਸ ਨੇ ਅੰਜਾਮ ਦਿੱਤਾ ਇਸ ਬਾਰੇ ਹਜੇ ਤੱਕ ਜਾਣਕਾਰੀ ਨਹੀਂ ਮਿਲੀ। ਘਟਨਾ ਤੋਂ ਬਾਅਦ ਸਾਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਘਟਨਾ ਵਾਲੀ ਥਾਂ 'ਤੇ ਪੂਰਾ ਪਿੰਡ ਇਕੱਠਾ ਹੋ ਗਿਆ ਹੈ। ਪੁਲਿਸ ਨੂੰ ਵੀ ਮੌਕੇ 'ਤੇ ਫੋਨ ਕਰਕੇ ਸੂਚਨਾ ਦਿੱਤੀ ਗਈ। ਪੁਲਿਸ ਹਮਲਾਵਾਰਾਂ ਦੀ ਭਾਲ ਵਿੱਚ ਜੁੱਟ ਗਈ ਹੈ। ਫਿਲਹਾਲ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾਣੀਆਂ ਲੋਕ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਓਹ ਵੀ ਉਸ ਸਮੇਂ ਜਦੋਂ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਾ ਹੋਵੇ ਅਤੇ ਸੁਰੱਖਿਆ ਨੂੰ ਦੁੱਗਣਾ ਕੀਤਾ ਗਿਆ ਹੋਵੇ।