NIA ਨੇ ਜਲਾਲਾਬਾਦ ਬਲਾਸਟ ਮਾਮਲੇ ''ਚ ਕੀਤੀ ਕਾਰਵਾਈ; ਮੁਲਜ਼ਮ ਸੂਰਤ ਸਿੰਘ ਦੀ ਜਾਇਦਾਦ ਕੀਤੀ ਜ਼ਬਤ

NIA ਨੇ ਜਲਾਲਾਬਾਦ ਬਲਾਸਟ ਮਾਮਲੇ ''ਚ ਕੀਤੀ ਕਾਰਵਾਈ; ਮੁਲਜ਼ਮ ਸੂਰਤ ਸਿੰਘ ਦੀ ਜਾਇਦਾਦ ਕੀਤੀ ਜ਼ਬਤ

ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੰਜਾਬ ਵਿਚ 2021 ਵਿਚ ਹੋਏ ਧਮਾਕੇ ਵਿਚ ਸ਼ਾਮਲ ਹੋਣ ਅਤੇ ਪਾਕਿਸਤਾਨ ਵਿਚ ਮੌਜੂਦ ਗਰਮਖਿਆਲੀਆਂ ਨਾਲ ਸਬੰਧ ਰੱਖਣ ਦੇ ਇਲਜ਼ਾਮ ਤਹਿਤ ਇਕ ਵਿਅਕਤੀ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਦਿਤੀ ਗਈ।

ਮਾਮਲਾ ਜਲਾਲਾਬਾਦ 'ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਨੇੜੇ ਬਜਾਜ ਪਲਟੀਨਾ ਮੋਟਰਸਾਈਕਲ 'ਚ ਹੋਏ ਧਮਾਕੇ ਨਾਲ ਸਬੰਧਤ ਹੈ, ਜਿਸ 'ਚ ਹਮਲਾਵਰ ਮਾਰਿਆ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਐਨਆਈਏ ਨੇ ਪੰਜਾਬ ਦੇ ਸਦਰ ਫਾਜ਼ਿਲਕਾ ਥਾਣੇ ਅਧੀਨ ਪੈਂਦੇ ਪਿੰਡ ਮਹਾਤਮ ਨਗਰ ਦੇ ਵਸਨੀਕ ਸੂਰਤ ਸਿੰਘ ਉਰਫ਼ 'ਸੁਰਤੀ' ਦੀ ਜਾਇਦਾਦ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੀਆਂ ਧਾਰਾਵਾਂ ਤਹਿਤ ਜ਼ਬਤ ਕਰ ਲਿਆ ਹੈ।

ਬਿਆਨ ਮੁਤਾਬਕ ਸੂਰਤ ਸਿੰਘ ਦੇ ਪਾਕਿਸਤਾਨ ਅਧਾਰਤ ਅਤਿਵਾਦੀ ਹਬੀਬ ਖਾਨ ਉਰਫ 'ਡਾਕਟਰ' ਅਤੇ ਗਰਮਖਿਆਲੀ ਲਖਵੀਰ ਸਿੰਘ ਉਰਫ 'ਰੋਡੇ' ਨਾਲ ਸਬੰਧ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਹਬੀਬ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਤਸਕਰ ਹੈ। ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਖਾਨ, ਨਾਮਜ਼ਦ ਗਰਮਖਿਆਲੀ ਲਖਵੀਰ ਸਿੰਘ ਅਤੇ ਸੂਰਤ ਸਿੰਘ ਉਨ੍ਹਾਂ 9 ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਖਿਲਾਫ ਐਨਆਈਏ ਨੇ ਹੁਣ ਤਕ ਇਸ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ।

ਬਿਆਨ ਵਿਚ ਕਿਹਾ ਗਿਆ ਹੈ, “(ਸੂਰਤ ਸਿੰਘ ਦੀ) ਉਕਤ ਜਾਇਦਾਦ ਵਿਚ ਖੇਵਟ ਨੰਬਰ 84/78, 93/87 ਅਤੇ 95/89 ਸ਼ਾਮਲ ਹਨ, ਜਿਸ ਦਾ ਕੁੱਲ ਰਕਬਾ 13 ਕਨਾਲ, 17 ਮਰਲੇ ਹੈ”। ਧਮਾਕੇ ਤੋਂ ਇਕ ਦਿਨ ਬਾਅਦ 16 ਸਤੰਬਰ, 2021 ਨੂੰ ਪੰਜਾਬ ਦੇ ਫਾਜ਼ਿਲਕਾ ਦੇ ਸਿਟੀ ਜਲਾਲਾਬਾਦ ਥਾਣੇ ਵਿਚ ਵਿਸਫੋਟਕ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਨਆਈਏ ਨੇ 1 ਅਕਤੂਬਰ 2021 ਨੂੰ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ।