ਕੈਨੇਡਾ ਨੇ ਅਪਡੇਟ ਕੀਤੀ ਟਰੈਵਲ ਐਡਵਾਈਜ਼ਰੀ , ਭਾਰਤ ''ਚ ਲੋਕ ਸਭਾ ਚੋਣਾਂ ਦੌਰਾਨ ਕੈਨੇਡੀਅਨ ਚੌਕਸ ਰਹਿਣ

ਕੈਨੇਡਾ ਨੇ ਅਪਡੇਟ ਕੀਤੀ ਟਰੈਵਲ ਐਡਵਾਈਜ਼ਰੀ , ਭਾਰਤ ''ਚ ਲੋਕ ਸਭਾ ਚੋਣਾਂ ਦੌਰਾਨ ਕੈਨੇਡੀਅਨ ਚੌਕਸ ਰਹਿਣ

ਕੈਨੇਡਾ ਨੇ ਭਾਰਤ ਲਈ ਆਪਣੀ ਟਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ, ਜਿਸ ਵਿੱਚ ਦੇਸ਼ ਵਿੱਚ ਲੋਕ ਸਭਾ ਚੋਣਾਂ ਨਾਲ ਸਬੰਧਤ ਪ੍ਰਦਰਸ਼ਨਾਂ ਦੀ ਸੰਭਾਵਨਾ ਦੇ ਕਾਰਨ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਇਹ ਟਰੈਵਲ ਐਡਵਾਈਜ਼ਰੀ ਬੁੱਧਵਾਰ ਨੂੰ ਅਪਡੇਟ ਕੀਤੀ ਗਈ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 19 ਅਪ੍ਰੈਲ ਤੋਂ 1 ਜੂਨ ਤੱਕ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਰੋਸ ਵਿਖਾਵੇ ਹੋ ਸਕਦੇ ਹਨ, ਇਸ ਲਈ ਕੈਨੇਡੀਅਨਾਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਯਾਤਰਾ ਸੁਝਾਅ ਵਿਚ ਚਿਤਾਵਨੀ ਦਿਤੀ ਗਈ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਟ੍ਰੈਫਿਕ ਪ੍ਰਭਾਵਤ ਹੋ ਸਕਦਾ ਹੈ ਅਤੇ ਸਰਕਾਰੀ ਟ੍ਰਾਂਸਪੋਰਟ ਸੇਵਾ ਠੱਪ ਹੋ ਸਕਦੀ ਹੈ। ਇਥੋਂ ਤੱਕ ਕਿ ਬਗੈਰ ਕਿਸੇ ਨੋਟਿਸ ਤੋਂ ਕਰਫਿਊ ਵੀ ਲਾਇਆ ਜਾ ਸਕਦਾ ਹੈ। ਕੈਨੇਡੀਅਨ ਨਾਗਰਿਕਾਂ ਨੂੰ ਵੱਡੇ ਇਕੱਠ ਜਾਂ ਰੋਸ ਵਿਖਾਵਿਆਂ ਵਾਲੇ ਪਾਸੇ ਜਾਣ ਤੋਂ ਵਰਜਿਆ ਗਿਆ ਹੈ। ਐਡਵਾਈਜ਼ਰੀ ਵਿੱਚ ਬੈਂਗਲੁਰੂ, ਚੰਡੀਗੜ੍ਹ ਅਤੇ ਮੁੰਬਈ ਵਰਗੇ ਸ਼ਹਿਰਾਂ ਨੂੰ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਵਿਅਕਤੀਗਤ ਤੌਰ 'ਤੇ ਕੌਂਸਲਰ ਸੇਵਾਵਾਂ ਇਨ੍ਹਾਂ ਸ਼ਹਿਰਾਂ ਜਾਂ ਆਸ ਪਾਸ ਦੇ ਖੇਤਰਾਂ ਵਿੱਚ ਅਸਥਾਈ ਤੌਰ 'ਤੇ ਉਪਲਬਧ ਨਹੀਂ ਹਨ। ਜੇਕਰ ਤੁਹਾਨੂੰ ਕੌਂਸਲਰ ਸੇਵਾਵਾਂ ਦੀ ਲੋੜ ਹੈ, ਤਾਂ ਨਵੀਂ ਦਿੱਲੀ ਵਿੱਚ ਸਥਿਤ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਨਾਲ ਸੰਪਰਕ ਕਰੋ। ਕਿਸੇ ਵੀ ਸਮੇਂ, ਤੁਸੀਂ ਓਟਾਵਾ ਵਿੱਚ ਐਮਰਜੈਂਸੀ ਵਾਚ ਐਂਡ ਰਿਸਪਾਂਸ ਸੈਂਟਰ ਨਾਲ ਵੀ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕੈਨੇਡੀਅਨਾਂ ਨੂੰ ਅੱਤਵਾਦ ਦੇ ਖਤਰੇ ਦੇ ਕਾਰਨ ਅਸਾਮ, ਮਣੀਪੁਰ ਅਤੇ ਜੰਮੂ-ਕਸ਼ਮੀਰ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ।