ਕੋਈ ਵੀ ਭਾਰਤੀ ਫੌਜੀ ਮਾਲਦੀਵ ’ਚ ਨਹੀਂ ਰਹੇਗਾ, ਸਾਦੇ ਕੱਪੜਿਆਂ ’ਚ ਵੀ ਨਹੀਂ: ਰਾਸ਼ਟਰਪਤੀ ਮੁਇਜ਼ੂ

ਕੋਈ ਵੀ ਭਾਰਤੀ ਫੌਜੀ ਮਾਲਦੀਵ ’ਚ ਨਹੀਂ ਰਹੇਗਾ, ਸਾਦੇ ਕੱਪੜਿਆਂ ’ਚ ਵੀ ਨਹੀਂ: ਰਾਸ਼ਟਰਪਤੀ ਮੁਇਜ਼ੂ

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਕਿਹਾ ਹੈ ਕਿ 10 ਮਈ ਤੋਂ ਬਾਅਦ ਉਨ੍ਹਾਂ ਦੇ ਦੇਸ਼ ’ਚ ਇਕ ਵੀ ਭਾਰਤੀ ਫੌਜੀ ਮੌਜੂਦ ਨਹੀਂ ਰਹੇਗਾ। ਮੰਗਲਵਾਰ ਨੂੰ ਇਕ ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ। ਮੁਇਜ਼ੂ ਦੀ ਇਹ ਟਿਪਣੀ ਐਡਵਾਂਸਡ ਲਾਈਟ ਹੈਲੀਕਾਪਟਰ ਚਲਾਉਣ ਵਾਲੇ ਫੌਜੀ ਜਵਾਨਾਂ ਦੀ ਥਾਂ ਲੈਣ ਲਈ ਭਾਰਤੀ ਨਾਗਰਿਕ ਟੀਮ ਦੇ ਮਾਲਦੀਵ ਪਹੁੰਚਣ ਦੇ ਇਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਆਈ ਹੈ। 

ਮੁਇਜ਼ੂ ਨੇ ਅਪਣੇ ਦੇਸ਼ ਤੋਂ ਭਾਰਤੀ ਫੌਜੀਆਂ ਦੇ ਪਹਿਲੇ ਸਮੂਹ ਦੀ ਵਾਪਸੀ ਲਈ 10 ਮਾਰਚ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ। ਨਿਊਜ਼ ਪੋਰਟਲ ਦੀ ਖਬਰ ਮੁਤਾਬਕ ਬਾ ਟਾਪੂ ਦੇ ਇਧਾਫੁਸ਼ੀ ਰਿਹਾਇਸ਼ੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜੀਆਂ ਨੂੰ ਕੱਢਣ ਵਿਚ ਉਨ੍ਹਾਂ ਦੀ ਸਰਕਾਰ ਦੀ ਸਫਲਤਾ ਕਾਰਨ ਝੂਠੀਆਂ ਅਫਵਾਹਾਂ ਫੈਲਾ ਰਹੇ ਲੋਕ ਸਥਿਤੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। 

ਪੋਰਟਲ ਨੇ ਚੀਨ ਹਮਾਇਤੀ ਮੰਨੇ ਜਾਣ ਵਾਲੇ ਮੁਇਜ਼ੂ ਦੇ ਹਵਾਲੇ ਨਾਲ ਕਿਹਾ, ‘‘ਇਹ ਕਹਿਣ ਲਈ ਕਿ ਇਹ ਲੋਕ (ਭਾਰਤੀ ਫੌਜ) ਦੇਸ਼ ਨਹੀਂ ਛੱਡ ਰਹੇ ਹਨ, ਉਹ ਸਾਦੇ ਕਪੜੇ ਪਹਿਨ ਕੇ ਅਪਣੀ ਵਰਦੀ ਬਦਲ ਕੇ ਵਾਪਸ ਆ ਰਹੇ ਹਨ। ਸਾਨੂੰ ਅਜਿਹੇ ਵਿਚਾਰ ਨਹੀਂ ਲਿਆਉਣੇ ਚਾਹੀਦੇ ਜੋ ਸਾਡੇ ਦਿਲਾਂ ’ਚ ਸ਼ੱਕ ਪੈਦਾ ਕਰਦੇ ਹਨ ਅਤੇ ਝੂਠ ਫੈਲਾਉਂਦੇ ਹਨ।’’ ਉਨ੍ਹਾਂ ਕਿਹਾ, ‘‘10 ਮਈ ਤੋਂ ਬਾਅਦ ਦੇਸ਼ ’ਚ ਕੋਈ ਭਾਰਤੀ ਫੌਜੀ ਨਹੀਂ ਹੋਵੇਗਾ। ਨਾ ਵਰਦੀ ’ਚ ਅਤੇ ਨਾ ਹੀ ਸਾਦੇ ਕਪੜਿਆਂ ’ਚ। ਭਾਰਤੀ ਫੌਜ ਇਸ ਦੇਸ਼ ’ਚ ਕਿਸੇ ਵੀ ਤਰ੍ਹਾਂ ਦੇ ਕਪੜਿਆਂ ’ਚ ਨਹੀਂ ਰਹੇਗੀ। ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿੰਦਾ ਹਾਂ।’’

ਉਨ੍ਹਾਂ ਦੀ ਇਹ ਟਿਪਣੀ ਉਸ ਦਿਨ ਆਈ ਹੈ ਜਦੋਂ ਉਨ੍ਹਾਂ ਦੇ ਦੇਸ਼ ਨੇ ਮੁਫਤ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਚੀਨ ਨਾਲ ਸਮਝੌਤੇ ’ਤੇ ਦਸਤਖਤ ਕੀਤੇ ਹਨ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ 2 ਫ਼ਰਵਰੀ ਨੂੰ ਦਿੱਲੀ ’ਚ ਦੋਹਾਂ ਪੱਖਾਂ ਵਿਚਾਲੇ ਹੋਈ ਉੱਚ ਪੱਧਰੀ ਬੈਠਕ ’ਚ ਕਿਹਾ ਸੀ ਕਿ ਭਾਰਤ ਟਾਪੂ ਦੇਸ਼ ’ਚ ਤਿੰਨ ਹਵਾਬਾਜ਼ੀ ਪਲੇਟਫਾਰਮਾਂ ’ਤੇ ਕਰਮਚਾਰੀਆਂ ਦੀ ਥਾਂ ਲਵੇਗਾ ਅਤੇ ਪ੍ਰਕਿਰਿਆ ਦਾ ਪਹਿਲਾ ਪੜਾਅ 10 ਮਾਰਚ ਤਕ ਪੂਰਾ ਹੋ ਜਾਵੇਗਾ।