ਸਾਕਸ਼ੀ ਮਲਿਕ ਨੇ ਬ੍ਰਿਜ ਭੂਸ਼ਣ ''ਤੇ ਦੋਸ਼ ਤੈਅ ਹੋਣ ਮਗਰੋਂ ਕਿਹਾ, ''ਜਿੱਤ ਵੱਲ ਇਕ ਛੋਟਾ ਜਿਹਾ ਕਦਮ''

ਸਾਕਸ਼ੀ ਮਲਿਕ ਨੇ ਬ੍ਰਿਜ ਭੂਸ਼ਣ ''ਤੇ ਦੋਸ਼ ਤੈਅ ਹੋਣ ਮਗਰੋਂ ਕਿਹਾ, ''ਜਿੱਤ ਵੱਲ ਇਕ ਛੋਟਾ ਜਿਹਾ ਕਦਮ''

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਕਿਹਾ ਕਿ 6 'ਚੋਂ 5 ਮਹਿਲਾ ਪਹਿਲਵਾਨਾਂ ਦੀਆਂ ਸ਼ਿਕਾਇਤਾਂ 'ਚ ਬ੍ਰਿਜ ਭੂਸ਼ਣ 'ਤੇ ਦੋਸ਼ ਤੈਅ ਕਰਨ ਲਈ ਕਾਫ਼ੀ ਸਬੂਤ ਮਿਲੇ ਹਨ। ਬ੍ਰਿਜ ਭੂਸ਼ਣ ਖਿਲਾਫ਼ ਅੰਦੋਲਨ ਦੀ ਅਗਵਾਈ ਕਰ ਰਹੇ ਹਰਿਆਣਾ ਦੇ ਪਹਿਲਵਾਨਾਂ ਨੇ ਇਸ ਫ਼ੈਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। 

ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ- ਬ੍ਰਿਜ ਭੂਸ਼ਣ 'ਤੇ ਦੋਸ਼ ਆਇਦ ਹੋ ਗਏ ਹਨ। ਮਾਣਯੋਗ ਅਦਾਲਤ ਦਾ ਧੰਨਵਾਦ। ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਇਹ ਵੱਡੀ ਜਿੱਤ ਹੈ। ਦੇਸ਼ ਦੀਆਂ ਧੀਆਂ ਨੂੰ ਅਜਿਹੇ ਔਖੇ ਦੌਰ ਵਿੱਚੋਂ ਗੁਜ਼ਰਨਾ ਪਿਆ ਹੈ ਪਰ ਇਸ ਫੈਸਲੇ ਨਾਲ ਰਾਹਤ ਮਿਲੇਗੀ। ਮਹਿਲਾ ਪਹਿਲਵਾਨਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ।'' 

ਪਹਿਲਵਾਨ ਸਾਕਸ਼ੀ ਮਲਿਕ ਨੇ ਲਿਖਿਆ- ਮਾਨਯੋਗ ਅਦਾਲਤ ਨੇ ਬ੍ਰਿਜ ਭੂਸ਼ਣ ਸਿੰਘ 'ਤੇ ਦੋਸ਼ ਆਇਦ ਕਰ ਦਿੱਤੇ ਹਨ। ਅਸੀਂ ਮਾਣਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ। ਸਾਨੂੰ ਗਰਮੀ ਅਤੇ ਬਰਸਾਤ ਵਿਚ ਕਈ ਰਾਤਾਂ ਸੜਕਾਂ 'ਤੇ ਸੌਣਾ ਪਿਆ, ਆਪਣੇ ਚੰਗੇ ਕੈਰੀਅਰ ਨੂੰ ਤਿਆਗਣਾ ਪਿਆ, ਤਾਂ ਹੀ ਅਸੀਂ ਇਨਸਾਫ਼ ਦੀ ਲੜਾਈ ਵਿਚ ਕੁਝ ਕਦਮ ਅੱਗੇ ਵਧਾਉਣ ਦੇ ਯੋਗ ਹੋਏ ਹਾਂ। ਪਿਆਰ ਅਤੇ ਆਸ਼ੀਰਵਾਦ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਜਿਨ੍ਹਾਂ ਨੇ ਟ੍ਰੋਲ ਕੀਤਾ ਅਤੇ ਮਾੜੀਆਂ ਗੱਲਾਂ ਕਹੀਆਂ, ਉਨ੍ਹਾਂ ਨੂੰ ਰੱਬ ਅਸੀਸ ਦੇਵੇ। ਭਾਰਤ ਮਾਤਾ ਜ਼ਿੰਦਾਬਾਦ।''

ਬ੍ਰਿਜ ਭੂਸ਼ਣ ਵਿਰੁੱਧ ਧਾਰਾ 354 (ਉਸ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕਿਸੇ ਔਰਤ 'ਤੇ ਹਮਲਾ ਜਾਂ ਅਪਰਾਧਿਕ ਜ਼ਬਰਦਸਤੀ), 354-ਏ (ਜਿਨਸੀ ਪਰੇਸ਼ਾਨੀ) ਅਤੇ ਧਾਰਾ 506 (ਅਪਰਾਧਿਕ ਧਮਕੀ) ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਬ੍ਰਿਜ ਭੂਸ਼ਣ ਨੂੰ ਹੁਣ ਅਦਾਲਤੀ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਜਿਨ੍ਹਾਂ ਧਾਰਾਵਾਂ ਤਹਿਤ ਉਸ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।

ਇਨ੍ਹਾਂ ਵਿਚ ਧਾਰਾ 354 ਵਿੱਚ ਵੱਧ ਤੋਂ ਵੱਧ 5 ਸਾਲ, 354-ਏ ਵਿੱਚ ਵੱਧ ਤੋਂ ਵੱਧ 3 ਸਾਲ ਅਤੇ ਧਾਰਾ 506 ਵਿੱਚ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਸੀਨੀਅਰ ਐਡਵੋਕੇਟ ਰਿਤੇਸ਼ ਯਾਦਵ ਦੇ ਅਨੁਸਾਰ, ਉਨ੍ਹਾਂ ਕੋਲ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਦੁਆਰਾ ਬ੍ਰਿਜ ਭੂਸ਼ਣ ਵਿਰੁੱਧ ਲਗਾਏ ਗਏ ਦੋਸ਼ਾਂ ਵਿਰੁੱਧ ਉੱਚ ਅਦਾਲਤ ਵਿੱਚ ਜਾਣ ਦਾ ਵਿਕਲਪ ਹੈ।