Operation Ajay ਦੇ ਚੱਲਦੇ ਇਜ਼ਰਾਈਲ ਤੋਂ 212 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਪਹਿਲੀ ਉਡਾਣ। 

Operation Ajay ਦੇ ਚੱਲਦੇ ਇਜ਼ਰਾਈਲ ਤੋਂ 212 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਪਹਿਲੀ ਉਡਾਣ। 

ਇਜ਼ਰਾਈਲ ਤੋਂ ਵਿਦਿਆਰਥੀਆਂ ਸਮੇਤ ਲਗਭਗ 200 ਭਾਰਤੀਆਂ ਦਾ ਪਹਿਲਾ ਜੱਥਾ ਸ਼ੁਕਰਵਾਰ ਤੜਕੇ ਚਾਰਟਰਡ ਫਲਾਈਟ ਰਾਹੀਂ ਦਿੱਲੀ ਪਹੁੰਚਿਆ। ਪਿਛਲੇ ਸ਼ਨਿਚਰਵਾਰ ਹਮਾਸ ਦੇ ਅਤਿਵਾਦੀਆਂ ਦੁਆਰਾ ਇਜ਼ਰਾਈਲ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਇਸ ਖੇਤਰ ਵਿਚ ਤਣਾਅ ਫੈਲ ਗਿਆ ਸੀ, ਜਿਸ ਦੇ ਨਤੀਜੇ ਵਜੋਂ ਭਾਰਤ ਨੇ ਘਰ ਵਾਪਸੀ ਦੇ ਚਾਹਵਾਨ ਅਪਣੇ ਲੋਕਾਂ ਨੂੰ ਵਾਪਸ ਲਿਆਉਣ ਲਈ ‘ਅਪ੍ਰੇਸ਼ਨ ਅਜੈ’ ਸ਼ੁਰੂ ਕੀਤਾ ਸੀ।

        Image

ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਲੀ ਹਵਾਈ ਅੱਡੇ 'ਤੇ ਯਾਤਰੀਆਂ ਦਾ ਸਵਾਗਤ ਕੀਤਾ। ਇਸ ਮੌਕੇ 2019 ਤੋਂ ਇਜ਼ਰਾਈਲ ਵਿਚ ਰਹਿ ਰਹੇ ਖੋਜਕਾਰ ਸ਼ਾਸ਼ਵਤ ਸਿੰਘ ਅਪਣੀ ਪਤਨੀ ਨਾਲ ਦਿੱਲੀ ਪਹੁੰਚੇ। ਉਨ੍ਹਾਂ ਕਿਹਾ, ''ਹਵਾਈ ਹਮਲੇ ਦੀ ਸੂਚਨਾ ਦੇਣ ਵਾਲੇ ਸਾਇਰਨ ਦੀ ਆਵਾਜ਼ ਸੁਣ ਕੇ ਅਸੀਂ ਜਾਗ ਪਏ। ਅਸੀਂ ਕੇਂਦਰੀ ਇਜ਼ਰਾਈਲ ਵਿਚ ਰਹਿੰਦੇ ਹਾਂ। ਮੈਨੂੰ ਨਹੀਂ ਪਤਾ ਕਿ ਇਹ ਟਕਰਾਅ ਕੀ ਰੂਪ ਲਵੇਗਾ...ਮੈਂ ਉਥੇ ਖੇਤੀਬਾੜੀ ਖੇਤਰ ਵਿਚ ਖੋਜ ਕਰ ਰਿਹਾ ਹਾਂ”।

        Image

ਸਿੰਘ ਨੇ ਕਿਹਾ,”ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ਲਾਘਾਯੋਗ ਕਦਮ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸ਼ਾਂਤੀ ਬਹਾਲ ਹੋਵੇਗੀ ਅਤੇ ਅਸੀਂ ਕੰਮ 'ਤੇ ਵਾਪਸ ਆਵਾਂਗੇ। ਭਾਰਤ ਸਰਕਾਰ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਵਿਚ ਸੀ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਵਿਚ ਭਾਰਤੀ ਦੂਤਾਵਾਸ ਦੇ ਧੰਨਵਾਦੀ ਹਾਂ”। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਮੌਜੂਦਾ ਸਮੇਂ ਵਿਚ ਲਗਭਗ 18 ਹਜ਼ਾਰ ਭਾਰਤੀ ਇਜ਼ਰਾਈਲ ਵਿਚ ਰਹਿ ਰਹੇ ਹਨ, ਲਗਭਗ ਇਕ ਦਰਜਨ ਪੱਛਮੀ ਬੈਂਕ ਵਿਚ ਅਤੇ ਤਿੰਨ ਤੋਂ ਚਾਰ ਗਾਜ਼ਾ ਵਿਚ ਹਨ।

        Image

ਪੱਛਮੀ ਬੰਗਾਲ ਦੇ ਵਸਨੀਕ ਅਤੇ ਇਜ਼ਰਾਈਲ ਦੇ ਬੇਰਸ਼ੇਬਾ ਵਿਚ ਨੇਗੇਵ ਦੀ ਬੇਨ-ਗੁਰਿਅਨ ਯੂਨੀਵਰਸਿਟੀ ਵਿਚ ਪੀਐਚਡੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਸੁਪਰਨੋ ਘੋਸ਼ ਨੇ ਕਿਹਾ, 'ਅਸੀਂ ਅਸਥਾਈ ਕੈਂਪਾਂ ਵਿਚ ਸੀ। ਇਜ਼ਰਾਈਲੀ ਸਰਕਾਰ ਨੇ ਥਾਂ-ਥਾਂ ਕੈਂਪ ਲਾਏ ਹੋਏ ਸਨ, ਇਸ ਲਈ ਅਸੀਂ ਸੁਰੱਖਿਅਤ ਸੀ”।

ਵਿਦਿਆਰਥੀ ਦੀਪਕ ਨੇ ਕਿਹਾ, “ਅਸੀਂ ਸ਼ਨਿਚਰਵਾਰ ਨੂੰ ਸਾਇਰਨ ਦੀ ਆਵਾਜ਼ ਸੁਣੀ। ਜਦੋਂ ਹਮਲੇ ਹੁੰਦੇ ਸਨ ਤਾਂ ਅਸੀਂ ਆਵਾਜ਼ਾਂ ਸੁਣ ਸਕਦੇ ਸੀ। ਇਜ਼ਰਾਈਲੀ ਅਧਿਕਾਰੀ ਸਾਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਦੇ ਰਹੇ ਸਨ। ਲਗਾਤਾਰ ਹਮਲੇ ਹੋ ਰਹੇ ਸਨ। ਮੈਂ ਘਰ ਵਾਪਸ ਆ ਕੇ ਬਹੁਤ ਖੁਸ਼ ਹਾਂ ਪਰ ਉਥੇ (ਇਜ਼ਰਾਈਲ) ਫਸੇ ਸਾਡੇ ਦੋਸਤਾਂ ਲਈ ਵੀ ਉਦਾਸ ਹਾਂ।” ਵਿਦਿਆਰਥੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਨਿਕਾਸੀ ਦੀ ਪ੍ਰਕਿਰਿਆ ਬਹੁਤ ਹੀ ਸੁਚਾਰੂ ਸੀ। ਪੱਛਮੀ ਬੰਗਾਲ ਦੀ ਇਕ ਹੋਰ ਵਸਨੀਕ ਦੁਤੀ ਬੈਨਰਜੀ ਨੇ ਕਿਹਾ ਕਿ ਉਥੇ ਸਥਿਤੀ ਬਹੁਤ ਖਰਾਬ ਅਤੇ ਅਸਥਿਰ ਹੈ। ਉਸ ਨੇ ਕਿਹਾ, 'ਇੰਝ ਲੱਗਦਾ ਹੈ ਜਿਵੇਂ ਆਮ ਜੀਵਨ ਠੱਪ ਹੋ ਗਿਆ ਹੋਵੇ। ਲੋਕ ਡਰੇ ਹੋਏ ਅਤੇ ਗੁੱਸੇ ਵਿਚ ਹਨ’।