ਪਾਕਿਸਤਾਨ ਏਸ਼ੀਆ ਕੱਪ ਤੋਂ ਹੋਵੇਗਾ ਬਾਹਰ! 3 ਦੇਸ਼ਾਂ ਦਾ ਭਾਰਤ ਨੂੰ ਮਿਲਿਆ ਸਮਰਥਨ, ਹਾਈਬ੍ਰਿਡ ਮਾਡਲ ਰੱਦ

ਪਾਕਿਸਤਾਨ ਏਸ਼ੀਆ ਕੱਪ ਤੋਂ ਹੋਵੇਗਾ ਬਾਹਰ! 3 ਦੇਸ਼ਾਂ ਦਾ ਭਾਰਤ ਨੂੰ ਮਿਲਿਆ ਸਮਰਥਨ, ਹਾਈਬ੍ਰਿਡ ਮਾਡਲ ਰੱਦ

ਇਸ ਸਾਲ ਹੋਣ ਵਾਲੀ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਆਪਣੇ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ ਲਈ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਸਮਰਥਨ ਮਿਲਣ ਦੀ ਉਮੀਦ ਸੀ। ਹਾਲਾਂਕਿ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਨੇ ਪਾਕਿਸਤਾਨ ਦੇ ‘ਹਾਈਬ੍ਰਿਡ ਮਾਡਲ’ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ‘ਚ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਹਟਣ ‘ਤੇ ਵਿਚਾਰ ਕਰ ਰਿਹਾ ਹੈ।

PCB ਦੇ ਮੁਖੀ ਨਜਮ ਸੇਠੀ ਵੱਲੋਂ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ ਮੁਤਾਬਕ ਪਾਕਿਸਤਾਨ ਨੂੰ ਏਸ਼ੀਆ ਕੱਪ ਦੇ ਤਿੰਨ ਤੋਂ ਚਾਰ ਮੈਚਾਂ ਦੀ ਮੇਜ਼ਬਾਨੀ ਘਰ ‘ਤੇ ਕਰਨੀ ਸੀ, ਜਦਕਿ ਭਾਰਤ ਨੂੰ ਸ਼ਾਮਲ ਕਰਨ ਵਾਲੇ ਬਾਕੀ ਮੈਚ ਨਿਰਪੱਖ ਥਾਵਾਂ ‘ਤੇ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੇ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਦੇ BCCI ਦੇ ਵਿਚਾਰ ਦਾ ਸਮਰਥਨ ਕੀਤਾ ਹੈ।

ਏਸ਼ੀਆ ਕ੍ਰਿਕਟ ਪ੍ਰੀਸ਼ਦ (ACC) ਦੇ ਇਕ ਸੂਤਰ ਨੇ ਕਿਹਾ- ਪਾਕਿਸਤਾਨ ਕੋਲ ਸਿਰਫ ਦੋ ਵਿਕਲਪ ਹਨ। ਜਾਂ ਤਾਂ ਟੂਰਨਾਮੈਂਟ ਖੇਡੋ ਜਾਂ ਨਾਮ ਵਾਪਸ ਲੈ ਲਵੇ। ਜੇਕਰ ਪਾਕਿਸਤਾਨ ਨਹੀਂ ਖੇਡਦਾ ਹੈ, ਤਾਂ ਵੀ ਇਸਨੂੰ ਏਸ਼ੀਆ ਕੱਪ ਕਿਹਾ ਜਾਵੇਗਾ, ਪਰ ਬਰਾਡਕਾਸਟਰ ਪਾਕਿਸਤਾਨ ਦੀ ਗੈਰ-ਮੌਜੂਦਗੀ ਵਿੱਚ ਸੌਦੇ ‘ਤੇ ਮੁੜ ਗੱਲਬਾਤ ਕਰੇਗਾ।

ਸੂਤਰਾਂ ਮੁਤਾਬਕ ਇਸ ਮਹੀਨੇ ਦੇ ਅੰਤ ਵਿੱਚ ਏਸ਼ਿਆਈ ਕ੍ਰਿਕਟ ਕੌਂਸਲ ਦੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਰਸਮੀ ਮੀਟਿੰਗ ਹੋ ਸਕਦੀ ਹੈ। ਸੂਤਰ ਨੇ ਇਹ ਵੀ ਕਿਹਾ ਕਿ ਸੰਭਾਵਨਾ ਹੈ ਕਿ ਇਸ ਸਾਲ ਦਾ ਏਸ਼ੀਆ ਕੱਪ ਪੂਰੀ ਤਰ੍ਹਾਂ ਰੱਦ ਹੋ ਸਕਦਾ ਹੈ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਨਡੇ ਫਾਰਮੈਟ ‘ਚ ਬਹੁ-ਟੀਮ ਟੂਰਨਾਮੈਂਟ ਖੇਡ ਸਕਦੇ ਹਨ।