ਪਠਾਨਕੋਟ ’ਚ ਸੜਕ ’ਤੇ ਜਾ ਰਹੀ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ, ਮਾਮਲਾ ਦਰਜ

ਪਠਾਨਕੋਟ ’ਚ ਸੜਕ ’ਤੇ ਜਾ ਰਹੀ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ, ਮਾਮਲਾ ਦਰਜ

ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ ਪਿੰਡ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸੜਕ ’ਤੇ ਜਾ ਰਹੀ ਲੜਕੀ ਨਾਲ ਸਮੂਹਿਕ ਜ਼ਬਰ-ਜਨਾਹ ਦੀ ਸ਼ਿਕਾਇਤ 'ਤੇ ਹਰਕਤ ਵਿੱਚ ਆਈ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 112 ਹੈਲਪਲਾਈਨ ਨੰਬਰ 'ਤੇ ਦੁਪਹਿਰ ਦੇ ਸਮੇਂ ਇੱਕ /ਲੜਕੀ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਹੜਕੰਪ ਮਚ ਗਿਆ। ਪੀੜਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਜਦੋਂ ਉਹ ਸੜਕ 'ਤੇ ਜਾ ਰਹੀ ਸੀ, ਉਦੋਂ ਚਾਰ ਨੌਜਵਾਨਾਂ ਨੇ ਉਸ ਨਾਲ ਸਮੂਹਿਕ ਜ਼ਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵਿਭਾਗ ਤੁਰੰਤ ਹਰਕਤ ਵਿੱਚ ਆਇਆ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਦਿਹਾਤੀ ਸੁਖਜਿੰਦਰ ਥਾਪਰ, ਇਲਾਕੇ ਦੇ ਥਾਣਾ ਮੁਖੀ ਅਤੇ ਫੋਰੈਂਸਿਕ ਟੀਮ ਬਿਨਾਂ ਕਿਸੇ ਦੇਰੀ ਦੇ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਅਤੇ ਫੋਰੈਂਸਿਕ ਟੀਮ ਨੇ ਮੌਕੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਸਬੰਧਤ ਧਾਰਾਵਾਂ (BNS ਦੀ ਧਾਰਾ 70(1)) ਤਹਿਤ ਪ੍ਰਾਥਮਿਕੀ (FIR No. 133/26) ਦਰਜ ਕਰ ਲਈ ਗਈ ਹੈ। ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤੋਂ ਵੀ ਕੁਝ ਆਪਸੀ ਰੰਜਿਸ਼ ਅਤੇ ਲੜਾਈ-ਝਗੜਾ ਰਿਹਾ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਭਰੋਸਾ ਦਿਵਾਇਆ ਹੈ ਕਿ ਜਾਂਚ ਵਿੱਚ ਜੋ ਵੀ ਤੱਥ ਅਤੇ ਸੱਚਾਈ ਸਾਹਮਣੇ ਆਵੇਗੀ, ਉਸ ਨੂੰ ਜਲਦੀ ਹੀ ਜਨਤਕ ਕੀਤਾ ਜਾਵੇਗਾ।