ਵਿਦੇਸ਼ ਜਾਣ ਦੇ ਕ੍ਰੇਜ ਪਿੱਛੇ ਕਈ ਨੌਜਵਾਨਾ ਲਈ ਕਾਲ ਬਣੀ ''ਡੌਂਕੀ'' .

ਵਿਦੇਸ਼ ਜਾਣ ਦੇ ਕ੍ਰੇਜ ਪਿੱਛੇ ਕਈ ਨੌਜਵਾਨਾ ਲਈ ਕਾਲ ਬਣੀ ''ਡੌਂਕੀ'' .

ਵਿਦੇਸ਼ ਜਾ ਕੇ ਪੜ੍ਹਨ ਅਤੇ ਡਾਲਰ ਕਮਾਉਣ ਦਾ ਕ੍ਰੇਜ ਅੱਜ ਬਹੁਤ ਸਾਰੇ ਭਾਰਤੀ ਲੋਕਾਂ ਅਤੇ ਵਿਸ਼ੇਸ਼ ਕਰ ਕੇ ਨੌਜਵਾਨਾਂ ਵਿਚ ਹੈ। ਬੀਤੇ ਸਾਲਾਂ ਵਿਚ ਸਹੀ ਤਰੀਕੇ ਨਾਲ ਹਰਿਆਣਾ, ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਆਏ ਲੋਕਾਂ ਨੇ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਆਪਣੇ ਆਪ ਨੂੰ ਸਥਾਪਤ ਹੀ ਨਹੀਂ ਕੀਤਾ ਸਗੋਂ ਉਥੇ ਵਿਸ਼ੇਸ਼ ਜਗ੍ਹਾ ਵੀ ਬਣਾਈ ਹੈ ਪਰ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਖਾਸ ਕਰ ਕੇ ਪਿੰਡਾਂ ਤੋਂ ਲੱਖਾਂ ਲੋਕ ਆਪਣੇ ਘਰ ਅਤੇ ਜ਼ਮੀਨਾਂ ਵੇਚ ਕੇ ਨਾਜਾਇਜ਼ ਏਜੰਟਾਂ ਦੇ ਚੁੰਗਲ ਵਿਚ ਫੱਸ ਕੇ ਡੌਂਕੀ ਅਤੇ ਜੰਗਲ ਦੇ ਰਸਤੇ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਪੁੱਜ ਰਹੇ ਹਨ। ਕਈ ਭਾਰਤੀ ਤਾਂ ਆਪਣਾ ਜੀਵਨ ਵੀ ਗੁਆ ਦਿੰਦੇ ਹਨ।

ਇਨੈਲੋ ਨੇਤਾ ਅਭੈ ਚੌਟਾਲਾ ਨੇ ਵੀ ਡੌਂਕੀ ਅਤੇ ਜੰਗਲ ਦੇ ਰਸਤਿਓਂ ਅਮਰੀਕਾ ਪੁੱਜਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਹਰਿਆਣਾ ਦੇ ਨਰਵਾਨਾ ਦੇ ਛੋਟੇ ਜਿਹੇ ਪਿੰਡ ਤੋਂ ਆ ਕੇ ਅਮਰੀਕਾ ਵਿਚ ਵਸੇ ਡਾ. ਸੁਰੇਸ਼ ਗੁਪਤਾ ਜਿਨ੍ਹਾਂ ਨੂੰ ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਪ੍ਰੈਸੀਡੈਂਟਸ ਲਾਈਫ ਟਾਈਮ ਅਚੀਵਮੈਂਟ ਐਵਾਰਡ ਹਾਸਲ ਕਰਨ ਦਾ ਮਾਣ ਮਿਲਿਆ ਹੈ, ਉਨ੍ਹਾਂ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਪੁੱਜਣ ਵਾਲੇ ਭਾਰਤੀ ਨੌਜਵਾਨਾਂ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਡਾ. ਗੁਪਤਾ ਨੇ ਕਿਹਾ ਕਿ ਅਮਰੀਕਾ ਵਿਚ ਉਨ੍ਹਾਂ ਦੇਖਿਆ ਕਿ ਆਪਣੇ ਪਰਿਵਾਰ ਦੀ ਜਾਇਦਾਦ ਅਤੇ ਜੀਵਨ ਭਰ ਦੀ ਪੂੰਜੀ ਬਰਬਾਦ ਕਰ ਕੇ ਨਾਜਾਇਜ਼ ਤਰੀਕੇ ਨਾਲ ਜੀਵਨ ਦਾਅ ’ਤੇ ਲਾ ਕੇ ਪੁੱਜੇ ਲੋਕਾਂ ਦੀ ਹਾਲਤ ਠੀਕ ਨਹੀਂ ਹੈ। ਇਨ੍ਹਾਂ ਕੋਲ ਨਾ ਰੋਜ਼ਗਾਰ ਹੈ ਅਤੇ ਨਾ ਹੀ ਭੋਜਨ। ਭਾਰਤ ਸਰਕਾਰ ਨੂੰ ਇਨ੍ਹਾਂ ’ਤੇ ਪਾਬੰਦੀ ਲਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।

               Image

ਜਾਣਕਾਰਾਂ ਮੁਤਾਬਕ ਬਹੁਤ ਸਾਰੇ ਨੌਜਵਾਨ 12ਵੀਂ ਪਾਸ ਹੋਣ ਤੋਂ ਬਾਅਦ ਸਟੱਡੀ ਵੀਜ਼ੇ ਲਈ ਅਰਜ਼ੀ ਦਿੰਦੇ ਸਮੇਂ ਏਜੰਟ ਜਾਂ ਸਲਾਹ ਏਜੰਸੀ ਨਾਲ ਸੰਪਰਕ ਕਰਦੇ ਹਨ। ਅਜਿਹੇ ਏਜੰਟ ਰਾਹੀਂ ਵਿਦੇਸ਼ ਤਾਂ ਪੁੱਜ ਜਾਂਦੇ ਹਨ ਪਰ ਯਾਤਰਾ ਤੋਂ ਬਾਅਦ ਆਮ ਤੌਰ ’ਤੇ ਏਜੰਟ ਜਾਂ ਸਲਾਹ ਏਜੰਸੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੀਅਆਂ ਹਨ। ਵਿਦਿਆਰਥੀ ਜਿਸ ਦੇਸ਼ ਵਿਚ ਗਏ ਹਨ ਜੇਕਰ ਉਥੋਂ ਦੇ ਕਾਨੂੰਨ ਮੁਤਾਬਕ ਉਨ੍ਹਾਂ ਦੇ ਦਸਤਾਵੇਜ਼ ਪੂਰੇ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਨਾਜਾਇਜ਼ ਮੰਨ ਲਿਆ ਜਾਂਦਾ ਹੈ। ਇਥੇ ਹੀ ਉਹ ਡੌਂਕੀ ਦੇ ਸ਼ਿਕਾਰ ਹੋ ਜਾਂਦੇ ਹਨ।