70 ਹਜ਼ਾਰ ਨਵੇਂ-ਨਿਯੁਕਤ ਕਰਮਚਾਰੀਆਂ ਨੂੰ PM ਮੋਦੀ ਨੇ ਵੰਡੇ ਨਿਯੁਕਤੀ ਪੱਤਰ

70 ਹਜ਼ਾਰ ਨਵੇਂ-ਨਿਯੁਕਤ ਕਰਮਚਾਰੀਆਂ ਨੂੰ PM ਮੋਦੀ ਨੇ ਵੰਡੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੁਜ਼ਗਾਰ ਮੇਲੇ ਦੇ ਅਧੀਨ 70,126 ਨਵੇਂ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਮੇਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਦੀ ਪਛਾਣ ਬਣ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਨਿੱਜੀ ਅਤੇ ਸਰਕਾਰੀ ਖੇਤਰ 'ਚ ਨੌਕਰੀਆਂ ਦੇ ਮੌਕੇ ਬਣ ਰਹੇ ਹਨ ਅਤੇ ਜਿਸ ਪੈਮਾਨੇ 'ਤੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ, ਉਹ 'ਸ਼ਾਨਦਾਰ' ਹੈ। ਉਨ੍ਹਾਂ ਕਿਹਾ,''ਸਰਕਾਰੀ ਨੌਕਰੀ ਕਰਨ ਦੇਣ ਵਾਲੀਆਂ ਮੁੱਖ ਸੰਸਥਾਵਾਂ- ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.), ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਅਤੇ ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਨੇ ਪਹਿਲੇ ਦੇ ਮੁਕਾਬਲੇ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਇਨ੍ਹਾਂ ਸੰਸਥਾਵਾਂ ਦਾ ਜ਼ੋਰ ਪ੍ਰੀਖਿਆ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਰਲ ਬਣਾਉਣ 'ਤੇ ਵੀ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਲੈ ਕੇ ਜਿੰਨਾ ਵਿਸ਼ਵਾਸ ਅਤੇ ਉਸ ਦੀ ਅਰਥਵਿਵਸਥਾ 'ਤੇ ਜਿੰਨੇ ਭਰੋਸਾ ਅੱਜ ਹੈ, ਉਹ ਪਹਿਲਾਂ ਕਦੇ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਗਲੋਬਲ ਮੰਦੀ, ਕੋਰੋਨਾ ਮਹਾਮਾਰੀ ਅਤੇ ਯੂਕ੍ਰੇਨ-ਰੂਸ ਯੁੱਧ ਦੇ ਬਾਵਜੂਦ ਭਾਰਤ ਆਪਣੀ ਅਰਥਵਿਵਸਥਾ ਨੂੰ ਨਵੀਂ ਉੱਚਾਈ 'ਤੇ ਲਿਜਾ ਰਿਹਾ ਹੈ।

                Image

ਉਨ੍ਹਾਂ ਕਿਹਾ,''ਅੱਜ ਭਾਰਤ ਬੀਤੇ ਇਕ ਦਹਾਕੇ ਦੀ ਤੁਲਨਾ 'ਚ ਜ਼ਿਆਦਾ ਸਥਿਰ, ਜ਼ਿਆਦਾ ਸੁਰੱਖਿਅਤ ਅਤੇ ਜ਼ਿਆਦਾ ਮਜ਼ਬੂਤ ਦੇਸ਼ ਹੈ। ਰਾਜਨੀਤਕ ਭ੍ਰਿਸ਼ਟਾਚਾਰ, ਯੋਜਨਾਵਾਂ 'ਚ ਗੜਬੜੀ ਅਤੇ ਜਨਤਾ ਦੇ ਪੈਸੇ ਦੀ ਗਲਤ ਵਰਤੋਂ ਪੁਰਾਣੀਆਂ ਸਰਕਾਰਾਂ ਦੀ ਪਛਾਣ ਸੀ ਪਰ ਅੱਜ ਭਾਰਤ ਨੂੰ ਰਾਜਨੀਤਕ ਸਥਿਰਤਾ ਅਤੇ ਆਰਥਿਕ ਸੁਧਾਰਾਂ ਲਈ ਜਾਣਿਆ ਜਾਂਦਾ ਹੈ।'' ਰੁਜ਼ਗਾਰ ਮੇਲੇ ਦਾ ਆਯੋਜਨ ਦੇਸ਼ ਭਰ 'ਚ 43 ਥਾਵਾਂ 'ਤੇ ਹੋਇਆ। ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੀ ਵੱਡੇ ਪੈਮਾਨੇ 'ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ।