- Updated: October 06, 2026 05:36 PM
ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 22 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਦਰ ਨਵਾਂਸ਼ਹਿਰ ਥਾਣੇ ਦੇ ਐੱਸ. ਐੱਚ. ਓ. ਵਰਿੰਦਰ ਕੁਮਾਰ ਨੇ ਦੱਸਿਆ ਕਿ ਐੱਸ. ਆਈ. ਬਲਬੀਰ ਸਿੰਘ ਦੀ ਅਗਵਾਈ 'ਚ ਪੁਲਸ ਦੀ ਟੀਮ ਜੀ. ਟੀ. ਰੋਡ ਅਤੇ ਜੱਬੋਵਾਲ ਪਿੰਡ ਵਿਚਕਾਰਲੇ ਇਲਾਕੇ 'ਚ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਭਾਲ ਲਈ ਗਸ਼ਤ ਕਰ ਰਹੀ ਸੀ। ਜੱਬੋਵਾਲ ਗੇਟ ਨੇੜੇ ਪਹੁੰਚਣ ’ਤੇ ਉਨ੍ਹਾਂ ਨੇ ਇਕ ਨੌਜਵਾਨ ਨੂੰ ਪਿੰਡ ਵੱਲੋਂ ਪੈਦਲ ਆਉਂਦੇ ਦੇਖਿਆ।
ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਗਿਆ, ਉਸਨੇ ਆਪਣੇ ਹੱਥ 'ਚ ਫੜ੍ਹਿਆ ਇਕ ਪਾਰਦਰਸ਼ੀ ਲਿਫ਼ਾਫ਼ਾ ਨੇੜਲੀ ਝਾੜੀ 'ਚ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਹੋਰ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਸਨੂੰ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਲੈਣ ’ਤੇ ਸੁੱਟੇ ਗਏ ਲਿਫ਼ਾਫ਼ੇ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ. ਐੱਚ. ਓ. ਨੇ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬੁੱਧ ਪੁੱਤਰ ਦੇਸਰਾਜ, ਵਾਸੀ ਪਿੰਡ ਕੁੱਕੜ (ਜਲੰਧਰ ਛਾਵਨੀ ਥਾਣੇ ਦੇ ਅਧਿਕਾਰ ਖੇਤਰ ਅਧੀਨ) ਵਜੋਂ ਕੀਤੀ। ਇਕ ਵੱਖਰੀ ਘਟਨਾ 'ਚ ਸਿਟੀ ਨਵਾਂਸ਼ਹਿਰ ਪੁਲਸ ਨੇ ਇਕ ਹੋਰ ਵਿਅਕਤੀ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਭਾਲ ਲਈ ਕਲਰਾ ਮੁਹੱਲੇ ਵਿਚ ਛੋਟੇ ਪੁਲ ਨੇੜੇ ਗਸ਼ਤ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਪੈਦਲ ਆਉਂਦੇ ਦੇਖਿਆ। ਪੁਲਸ ਨੂੰ ਦੇਖ ਕੇ ਉਹ ਘਬਰਾ ਗਿਆ, ਉਸਨੇ ਆਪਣੇ ਹੱਥ ਵਿਚ ਫੜਿਆ ਇਕ ਪਾਰਦਰਸ਼ੀ ਲਿਫ਼ਾਫ਼ਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਟੀਮ ਨੇ ਉਸਨੂੰ ਕਾਬੂ ਕਰ ਲਿਆ ਅਤੇ ਸੁੱਟੇ ਗਏ ਲਿਫ਼ਾਫ਼ੇ ਵਿਚੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸਾਹਿਲ ਪੁੱਤਰ ਗਿਆਨ ਚੰਦ, ਵਾਸੀ ਪਿੰਡ ਭੰਗਲ ਕਲਾਂ (ਸਦਰ ਨਵਾਂਸ਼ਹਿਰ ਥਾਣੇ ਦੇ ਅਧਿਕਾਰ ਖੇਤਰ ਅਧੀਨ) ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਉਪਰੋਕਤ ਦੋਵਾਂ ਘਟਨਾਵਾਂ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਸਬੰਧਿਤ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।