ਸਿਡਨੀ ਵਿਚ ਛੇ ਲੋਕਾਂ ਦੀ ਹਤਿਆ ਕਰਨ ਵਾਲੇ ਹਮਲਾਵਰ ਦੀ ਪਛਾਣ ਹੋਈ 

ਸਿਡਨੀ ਵਿਚ ਛੇ ਲੋਕਾਂ ਦੀ ਹਤਿਆ ਕਰਨ ਵਾਲੇ ਹਮਲਾਵਰ ਦੀ ਪਛਾਣ ਹੋਈ 

ਸਿਡਨੀ ਦੇ ਇਕ ਭੀੜ-ਭੜੱਕੇ ਵਾਲੇ ਸ਼ਾਪਿੰਗ ਸੈਂਟਰ ਵਿਚ ਚਾਕੂ ਨਾਲ ਛੇ ਲੋਕਾਂ ਦੀ ਹਤਿਆ ਕਰਨ ਵਾਲੇ ਹਮਲਾਵਰ ਦੀ ਪੁਲਿਸ ਨੇ ਪਛਾਣ ਕਰ ਲਈ ਹੈ। ਨਿਊ ਸਾਊਥ ਵੇਲਜ਼ (NSW) ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਸ਼ਹਿਰ ਦੇ ਬੌਂਡੀ ਜੰਕਸ਼ਨ ਵਿਚ ਵੈਸਟਫੀਲਡ ਸ਼ਾਪਿੰਗ ਸੈਂਟਰ ਵਿਚ ਸ਼ਨੀਵਾਰ ਦੁਪਹਿਰ ਨੂੰ ਹੋਏ ਹਮਲੇ ਲਈ 40 ਸਾਲਾ ਜੋਏਲ ਕਾਉਚੀ ਜ਼ਿੰਮੇਵਾਰ ਹੈ। ਹਮਲੇ ਤੋਂ ਬਾਅਦ ਇਕ ਪੁਲਿਸ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿਤੀ।

ਐਨਐਸਡਬਲਯੂ ਦੇ ਸਹਾਇਕ ਪੁਲਿਸ ਕਮਿਸ਼ਨਰ ਐਂਥਨੀ ਕੁੱਕ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਕਾਉਚੀ ਮਾਨਸਿਕ ਤੌਰ 'ਤੇ ਬੀਮਾਰ ਸੀ ਅਤੇ ਪੁਲਿਸ ਜਾਂਚਕਰਤਾ ਇਸ ਦੀ ਅਤਿਵਾਦੀ ਘਟਨਾ ਵਜੋਂ ਜਾਂਚ ਨਹੀਂ ਕਰ ਰਹੇ ਸਨ। ਹਾਲਾਂਕਿ, ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਉਚੀ ਨੂੰ ਕਿਸ ਕਿਸਮ ਦੀ ਮਾਨਸਿਕ ਬੀਮਾਰੀ ਸੀ।

ਸ਼ਨੀਵਾਰ ਨੂੰ ਹੋਏ ਇਸ ਹਮਲੇ 'ਚ ਕਾਉਚੀ ਨੂੰ ਇਕ ਮਹਿਲਾ ਪੁਲਿਸ ਅਧਿਕਾਰੀ ਐਮੀ ਸਕਾਟ ਨੇ ਮਾਰ ਦਿਤਾ ਸੀ, ਜੋ ਮੌਕੇ 'ਤੇ ਇਕੱਲੀ ਸੀ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ "ਸਪੱਸ਼ਟ ਤੌਰ 'ਤੇ ਇਕ ਨਾਇਕ" ਹੈ ਜਿਸ ਦੀਆਂ ਕਾਰਵਾਈਆਂ ਨੇ ਕਈ ਹੋਰਾਂ ਦੀ ਜਾਨ ਬਚਾਈ।