ਜਲੰਧਰ ਤੋਂ ਚਰਨਜੀਤ ਚੰਨੀ ਨੂੰ ਟਿਕਟ ਮਿਲਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

 ਜਲੰਧਰ ਤੋਂ ਚਰਨਜੀਤ ਚੰਨੀ ਨੂੰ ਟਿਕਟ ਮਿਲਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਕਾਂਗਰਸ ਹਾਈਕਮਾਂਡ ਨੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਦਾ ਐਲਾਨ ਕਰ ਦਿਤਾ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਭਰੋਸਾ ਜਤਾਇਆ ਹੈ। ਟਿਕਟ ਮਿਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਯਾਨੀ ਸੋਮਵਾਰ ਨੂੰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਮੱਥਾ ਟੇਕਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ। ਹੁਣ ਜਲਦ ਹੀ ਕਾਂਗਰਸੀ ਆਗੂ ਜਲੰਧਰ 'ਚ ਚੋਣ ਪ੍ਰਚਾਰ ਸ਼ੁਰੂ ਕਰਨਗੇ।

ਦੱਸ ਦੇਈਏ ਕਿ ਚੰਨੀ ਨੂੰ ਟਿਕਟ ਮਿਲਣ ਤੋਂ ਪਹਿਲਾਂ 9 ਸਾਲ ਤਕ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਨਾਰਾਜ਼ ਦਸਿਆ ਜਾ ਰਿਹਾ ਸੀ। ਜਲੰਧਰ ਵਿਚ ਚੰਨੀ ਦਾ ਅਕਸ ਧਾਰਮਿਕ ਆਗੂ ਵਜੋਂ ਬਣਿਆ ਹੋਇਆ ਹੈ ਕਿਉਂਕਿ ਚੰਨੀ ਨੇ ਜ਼ਿਲ੍ਹੇ ਦੇ ਡੇਰਿਆਂ, ਗੁਰਦੁਆਰਿਆਂ ਅਤੇ ਮੰਦਰਾਂ ਵਿਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ।

ਦੱਸ ਦੇਈਏ ਕਿ ਜਲੰਧਰ ਸੀਟ ਤੋਂ ਕਾਂਗਰਸ ਹਾਈਕਮਾਨ ਦੇ ਸਾਹਮਣੇ ਚਾਰ ਪ੍ਰਮੁੱਖ ਚਿਹਰੇ ਸਨ। ਜਿਸ ਵਿਚ ਸੱਭ ਤੋਂ ਪ੍ਰਮੁੱਖ ਚੰਨੀ, ਫਿਰ ਚੌਧਰੀ ਪਰਿਵਾਰ, ਫਿਰ ਮਹਿੰਦਰ ਸਿੰਘ ਕੇਪੀ ਅਤੇ ਅਖੀਰ ਵਿਚ ਪੰਜਾਬ ਪੁਲਿਸ ਵਿਚੋਂ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ਸਨ। ਟਿਕਟ ਨਾ ਮਿਲਣ ਕਾਰਨ ਚੌਧਰੀ ਪਰਿਵਾਰ ਪਹਿਲਾਂ ਹੀ ਨਾਰਾਜ਼ ਹੈ ਪਰ ਅੱਜ ਸਵੇਰੇ ਚੰਨੀ ਦੇ ਨਾਲ ਸਾਬਕਾ ਐਸਐਸਪੀ ਰਜਿੰਦਰ ਸਿੰਘ ਵੀ ਹਰਿਮੰਦਰ ਸਾਹਿਬ ਨਤਮਸਤਕ ਹੋਏ।

ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਚੰਨੀ ਨੂੰ ਟਿਕਟ ਮਿਲਣ 'ਤੇ ਕੋਈ ਇਤਰਾਜ਼ ਨਹੀਂ ਹੈ। ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ, ਆਦਮਪੁਰ ਦੇ ਵਿਧਾਇਕ ਸੁਰਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਲਾਡੀ ਸ਼ੇਰੋਵਾਲੀਆ, ਸੀਨੀਅਰ ਕਾਂਗਰਸੀ ਆਗੂ ਨਵਜੋਤ ਦਹੀਆ ਤੇ ਹੋਰ ਆਗੂ ਚੰਨੀ ਨਾਲ ਦਰਬਾਰ ਸਾਹਿਬ ਪਹੁੰਚੇ।