ਪਾਕਿਸਤਾਨ ''ਚ ਸਰਬਜੀਤ ਦੇ ਕਾਤਲ ਦਾ ਹੋਇਆ ਕਤਲ , ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨਿਆ

ਪਾਕਿਸਤਾਨ ''ਚ ਸਰਬਜੀਤ ਦੇ ਕਾਤਲ ਦਾ ਹੋਇਆ ਕਤਲ , ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨਿਆ

ਪਾਕਿਸਤਾਨ ਦੇ ਲਾਹੌਰ 'ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਜੇਲ੍ਹ 'ਚ ਕਤਲ ਕਰਨ ਵਾਲੇ ਅੰਡਰਵਰਲਡ ਡਾਨ ਅਮੀਰ ਸਰਫਰਾਜ਼ ਦਾ ਐਤਵਾਰ ਨੂੰ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਸਰਫਰਾਜ਼ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸਰਫਰਾਜ਼ ਨੇ ਹੀ ਸਾਲ 2013 'ਚ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਖ਼ੁਫੀਆ ਏਜੰਸੀ ISI ਦੇ ਇਸ਼ਾਰਿਆਂ 'ਤੇ ਕਤਲ ਕਰ ਦਿੱਤਾ ਸੀ। ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਹੁਕਮਾਂ 'ਤੇ ਅਮੀਰ ਸਰਫਰਾਜ਼ ਨੇ ਸਰਬਜੀਤ ਨੂੰ ਤੜਫਾ-ਤੜਫਾ ਦੇ ਕੇ ਮਾਰ ਦਿੱਤਾ ਸੀ। ਪੰਜਾਬ ਦੇ ਸਰਬਜੀਤ ਨੂੰ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਵਿਚ ਜਾਸੂਸੀ ਦੇ ਦੋਸ਼ ਵਿਚ ਫੜਿਆ ਸੀ।

ਦੱਸਣਯੋਗ ਹੈ ਕਿ ਸਰਬਜੀਤ ਸਿੰਘ ਭਾਰਤ-ਪਾਕਿਸਤਾਨ ਸਰਹੱਦ 'ਤੇ ਵਸੇ ਤਰਨਤਾਰਨ ਜ਼ਿਲ੍ਹੇ ਦੇ ਭਿਖੀਵਿੰਡ ਪਿੰਡ ਦਾ ਰਹਿਣ ਵਾਲਾ ਸੀ। 30 ਅਗਸਤ 1990 ਨੂੰ ਉਹ ਅਣਜਾਣੇ ਵਿਚ ਪਾਕਿਸਤਾਨੀ ਸਰਹੱਦ 'ਚ ਪਹੁੰਚ ਗਿਆ ਸੀ। ਇੱਥੋਂ ਉਸ ਨੂੰ ਪਾਕਿਸਤਾਨੀ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ। ਲਾਹੌਰ ਅਤੇ ਫੈਸਲਾਬਾਦ ਵਿਚ ਹੋਏ ਬੰਬ ਧਮਾਕਿਆਂ ਦਾ ਦੋਸ਼ੀ ਬਣਾ ਕੇ ਸਰਬਜੀਤ ਸਿੰਘ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਇਸ ਬੰਬ ਹਮਲੇ ਵਿਚ 14 ਲੋਕਾਂ ਦੀ ਜਾਨ ਚੱਲੀ ਗਈ ਸੀ। 1991 ਵਿਚ ਬੰਬ ਧਮਾਕੇ ਦੇ ਦੋਸ਼ ਵਿਚ ਸਰਬਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸਰਬਜੀਤ ਸਿੰਘ 'ਤੇ ਲਾਹੌਰ ਦੀ ਕੋਟ ਲਖਪਤ ਰਾਏ ਜੇਲ੍ਹ ਵਿਚ ਕੈਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਬਰੇਨ ਡੈੱਡ ਐਲਾਨ ਕਰ ਦਿੱਤਾ ਗਿਆ ਸੀ।