ਪ੍ਰਨੀਤ ਕੌਰ ਨੇ ਅਕਾਲੀ-ਭਾਜਪਾ ਗਠਜੋੜ ਦੇ ਸਮਰਥਨ ਦੀ ਕੀਤੀ ਹਮਾਇਤ, ਕਿਹਾ- ''ਦੋਹਾਂ ਨਾਲ ਤਾਕਤ ਵਧਦੀ''

ਪ੍ਰਨੀਤ ਕੌਰ ਨੇ ਅਕਾਲੀ-ਭਾਜਪਾ ਗਠਜੋੜ ਦੇ ਸਮਰਥਨ ਦੀ ਕੀਤੀ ਹਮਾਇਤ, ਕਿਹਾ- ''ਦੋਹਾਂ ਨਾਲ ਤਾਕਤ ਵਧਦੀ''

ਪੰਜਾਬ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਅਟਕਲਾਂ ਵੱਧ ਰਹੀਆਂ ਹਨ। ਵਿਜੇ ਰੂਪਾਨੀ ਨੇ ਬੀਤੇ ਦਿਨ ਭਾਜਪਾ ਚੰਡੀਗੜ੍ਹ ਦਫ਼ਤਰ ਦਾ ਅਚਨਚੇਤ ਦੌਰਾ ਵੀ ਕੀਤਾ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ-ਅਕਾਲੀ ਦਲ ਦਾ ਗਠਜੋੜ ਅੰਤਿਮ ਪੜਾਅ 'ਤੇ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਭਾਜਪਾ-ਅਕਾਲੀ ਦਲ ਗਠਜੋੜ ਦਾ ਸਮਰਥਨ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ- ਜੇਕਰ ਇੱਕ ਨਾਲ ਦੂਸਰਾ ਮਿਲ ਜਾਂਦਾ ਹੈ ਤਾਂ ਦੋ ਬਣਦੇ ਹਨ। ਇਸ ਨਾਲ ਤਾਕਤ ਮਿਲਦੀ ਹੈ। ਹੋਰ ਜੋ ਵੀ ਹੋਵੇਗਾ, ਹਾਈਕਮਾਂਡ ਦੇ ਉਪਰਲੇ ਪੱਧਰ 'ਤੇ ਹੀ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੀ ਸਿਫਾਰਿਸ਼ ਕੀਤੀ ਹੈ। ਕੈਪਟਨ ਸਾਬ੍ਹ ਨੇ ਕਿਸਾਨਾਂ ਲਈ ਵੀ ਸਿਫਾਰਿਸ਼ ਕੀਤੀ ਹੈ ਤੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਜੋ ਵੀ ਕੀਤਾ ਜਾਵੇਗਾ, ਅਸੀਂ ਉਸ ਦੀ ਸਿਫਾਰਿਸ਼ ਜ਼ਰੂਰ ਕਰਾਂਗੇ। ਭਾਜਪਾ ਸੂਤਰਾਂ ਅਨੁਸਾਰ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ, ਜਿਸ 'ਚ ਭਾਜਪਾ 5 ਸੀਟਾਂ 'ਤੇ ਅਤੇ ਅਕਾਲੀ ਦਲ 8 ਸੀਟਾਂ 'ਤੇ ਚੋਣ ਲੜ ਸਕਦਾ ਹੈ। ਇਸ ਸਬੰਧੀ ਅਜੇ ਕੋਈ ਐਲਾਨ ਹੋਣਾ ਬਾਕੀ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਇਸ ਐਲਾਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਹੀ ਕਾਰਨ ਹੈ ਕਿ ਭਾਜਪਾ ਨੇ ਆਪਣੀ ਪਹਿਲੀ ਸੂਚੀ ਵਿੱਚ ਪੰਜਾਬ ਦੀ ਕਿਸੇ ਵੀ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਤੱਕ ਨਹੀਂ ਕੀਤਾ।

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਟਿਕਟ ਮਿਲਣੀ ਯਕੀਨੀ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕੱਲ੍ਹ ਉਹ ਖੁਦ ਆਪਣੀ ਬੇਟੀ ਜੈ ਇੰਦਰ ਕੌਰ ਨਾਲ ਦਿੱਲੀ ਗਏ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪ੍ਰਨੀਤ ਕੌਰ ਦੀ ਟਿਕਟ ਨੂੰ ਲੈ ਕੇ ਵੀ ਗੱਲਬਾਤ ਹੋ ਚੁੱਕੀ ਹੈ।