- Updated: September 07, 2023 06:59 PM
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਦਾ ਅੱਜ ਲੁਧਿਆਣਾ ਵਿਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 90 ਸਾਲ ਦੇ ਸਨ। ਉਨ੍ਹਾਂ ਨੇ ਅਪਣਾ ਵਿਦਿਅਕ ਸਫ਼ਰ ਰਾਮਗੜ੍ਹੀਆ ਕਾਲਜ ਫਗਵਾੜਾ ਵਿਚ ਪੜ੍ਹਾਉਣ ਤੋਂ ਆਰੰਭਿਆ ਅਤੇ ਉਸ ਤੋਂ ਬਾਅਦ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਇਤਿਹਾਸ ਦੇ ਪ੍ਰੋਫੈਸਰ ਬਣੇ। ਉਹ ਗੁਰੂ ਨਾਨਕ ਨਵਭਾਰਤ ਕਾਲਜ ਨਰੂੜ ਪਾਂਛਟਾ (ਜਲੰਧਰ) ਤੇ ਜੀ.ਜੀ.ਐਨ. ਖ਼ਾਲਸਾ ਕਾਲਜ ਲੁਧਿਆਣਾ ਦੇ ਵੀ ਪ੍ਰਿੰਸੀਪਲ ਰਹੇ। ਉਹ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਤੇ ਗੁਜਰਾਂਵਾਲਾ ਗੁਰੂ ਨਾਨਕ ਐਜੂਕੇਸ਼ਨ ਕੌਂਸਲ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਅੰਤਿਮ ਸੰਸਕਾਰ 8 ਸਤੰਬਰ ਨੂੰ ਭਾਈ ਰਣਧੀਰ ਸਿੰਘ ਨਗਰ ਸ਼ਮਸ਼ਾਨਘਾਟ (ਸੁਨੇਤ) ਵਿਚ ਸ਼ਾਮੀਂ ਪੰਜ ਵਜੇ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ, “ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਦੁੱਖ ਹੋਇਆ…ਪੰਜਾਬ ਤੇ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਕਪੂਰ ਸਾਬ੍ਹ ਨੇ ਅਪਣੀ ਕਲਮ ਰਾਹੀਂ ਅਨੇਕਾਂ ਕਿਤਾਬਾਂ ‘ਚ ਕਲਮਬੱਧ ਕੀਤਾ…ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਵਿਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ…”।