ਗੁਰਦਾਸਪੁਰ ''ਚ ਗਰਮਖਿਆਲੀ ਗੁਰਵਿੰਦਰ ਸਿੰਘ ਦੀ ਜਾਇਦਾਦ ਹੋਈ ਕੁਰਕ; 47 ਕਨਾਲਾਂ ਜਾਇਦਾਦ ਜ਼ਬਤ ਕਰਨ ਦੇ ਅਦਾਲਤ ਨੇ ਦਿੱਤੇ ਹੁਕਮ 

ਗੁਰਦਾਸਪੁਰ ''ਚ ਗਰਮਖਿਆਲੀ ਗੁਰਵਿੰਦਰ ਸਿੰਘ ਦੀ ਜਾਇਦਾਦ ਹੋਈ ਕੁਰਕ; 47 ਕਨਾਲਾਂ ਜਾਇਦਾਦ ਜ਼ਬਤ ਕਰਨ ਦੇ ਅਦਾਲਤ ਨੇ ਦਿੱਤੇ ਹੁਕਮ 

ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਗੁਰਦਾਸਪੁਰ ਦੇ ਪਿੰਡ ਪੀਰਾਬਾਗ 'ਚ ਗਰਮਖਿਆਲੀ ਗੁਰਵਿੰਦਰ ਸਿੰਘ ਉਰਫ਼ ਬਾਬਾ ਦੀ ਜਾਇਦਾਦ ਕੁਰਕ ਕਰ ਦਿਤੀ ਹੈ। ਐਨਆਈਏ ਦੀ ਟੀਮ ਨੇ ਵਿਸ਼ੇਸ਼ ਐਨਆਈਏ ਅਦਾਲਤ ਮੁਹਾਲੀ ਵਲੋਂ ਮਿਤੀ 14-3-24 ਨੂੰ ਜਾਰੀ ਹੁਕਮਾਂ ਅਨੁਸਾਰ ਗੁਰਵਿੰਦਰ ਸਿੰਘ ਉਰਫ਼ ਬਾਬਾ ਪੁੱਤਰ ਗੁਰਮੀਤ ਸਿੰਘ ਦੀ ਜ਼ਮੀਨ ਦੀ ਮਾਲਕੀ ਵਾਲੀ ਜ਼ਮੀਨ ਖ਼ਿਲਾਫ਼ ਯੂਏਪੀਏ ਦੀ ਧਾਰਾ 33 ਤਹਿਤ ਕਾਰਵਾਈ ਕੀਤੀ ਹੈ। ਅਦਾਲਤ ਦੇ ਹੁਕਮਾਂ 'ਤੇ 47 ਕਨਾਲਾਂ ਜਾਇਦਾਦ ਜ਼ਬਤ ਕੀਤੀ ਗਈ ਹੈ।

ਐਨਆਈਏ ਟੀਮ ਦੇ ਨਾਲ ਪਹੁੰਚੇ ਮਾਲ ਵਿਭਾਗ ਦੇ ਕਾਨੂੰਨਗੋ ਰੌਸ਼ਨ ਲਾਲ ਨੇ ਦਸਿਆ ਕਿ ਪਿੰਡ ਪੀਰਾਬਾਗ ਵਿਚ 9 ਮਰਲੇ ਜ਼ਮੀਨ ਅਤੇ ਪਿੰਡ ਸਲੇਮਪੁਰ ਅਰਾਈਆਂ ਵਿਚ 2 ਕਨਾਲ ਅਤੇ 7 ਮਰਲੇ ਜ਼ਮੀਨ ਕੁਰਕ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐਨਆਈਏ ਟੀਮ ਵਲੋਂ ਇਹ ਕਾਰਵਾਈ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਵਿਚ ਕੀਤੀ ਗਈ ਹੈ। ਐਨਆਈਏ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਤਲ ਕੇਸ ਵਿਚ ਗੁਰਵਿੰਦਰ ਸਿੰਘ ਉਰਫ਼ ਬਾਬਾ ਦਾ ਨਾਮ ਲਿਆ ਸੀ।

ਜ਼ਿਕਰਯੋਗ ਹੈ ਕਿ ਅਕਤੂਬਰ 2020 ਵਿਚ, ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਵਿਚ ਉਸ ਦੇ ਘਰ ਵਿਚ ਕਤਲ ਕਰ ਦਿਤਾ ਗਿਆ ਸੀ। ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿਚ ਕੇਸ ਐਨਆਈਏ ਨੂੰ ਸੌਂਪ ਦਿਤਾ ਗਿਆ ਸੀ।

ਗੁਰਵਿੰਦਰ ਬਾਬਾ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਹੈਰੀ ਚੱਠਾ ਅਤੇ ਸੁੱਖ ਬਿਖਾਰੀਵਾਲ ਦਾ ਸਾਥੀ ਹੋਣ ਦਾ ਇਲਜ਼ਾਮ ਸੀ ਅਤੇ ਉਸ ਨੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾ ਕੇ ਬਲਵਿੰਦਰ ਸਿੰਘ ਸੰਧੂ ਦੇ ਕਤਲ 'ਚ ਅਹਿਮ ਭੂਮਿਕਾ ਨਿਭਾਈ ਸੀ।

ਪੰਜਾਬ ਪੁਲਿਸ ਨੇ ਗੁਰਵਿੰਦਰ ਸਿੰਘ ਉਰਫ ਬਾਬਾ ਅਤੇ ਉਸ ਦੇ ਦੋ ਸਾਥੀਆਂ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 9 ਅਗਸਤ, 2022 ਨੂੰ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਉਰਫ ਸੰਧੂ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕੋਲੋਂ ਇਕ ਖੇਤ ਵਿਚੋਂ ਆਰਡੀਐਕਸ, ਆਈਈਡੀ, ਹੈਂਡ ਗ੍ਰੇਨੇਡ, 37 ਲੱਖ ਰੁਪਏ, 634 ਗ੍ਰਾਮ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ ਹਨ। ਉਦੋਂ ਤੋਂ ਐਨਆਈਏ ਟੀਮ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।