14 ਘੰਟੇ ਬੱਸਾਂ ਦਾ ਪਨਬੱਸ ਠੇਕਾ ਕਰਮਚਾਰੀਆਂ ਨੇ ਰੱਖਿਆ ਚੱਕਾ ਜਾਮ, ਪਿਆ ਲੱਖਾਂ ਦਾ ਘਾਟਾ

14 ਘੰਟੇ ਬੱਸਾਂ ਦਾ ਪਨਬੱਸ ਠੇਕਾ ਕਰਮਚਾਰੀਆਂ ਨੇ ਰੱਖਿਆ ਚੱਕਾ ਜਾਮ, ਪਿਆ ਲੱਖਾਂ ਦਾ ਘਾਟਾ

18 ਦਿਨ ਬੀਤ ਜਾਣ ਦੇ ਬਾਵਜੂਦ ਤਨਖ਼ਾਹ ਨਾ ਮਿਲਣ ਤੋਂ ਗੁੱਸਾਏ ਪਨਬੱਸ ਠੇਕਾ ਯੂਨੀਅਨ ਦੇ ਕਰਮਚਾਰੀਆਂ ਨੇ ਹੜਤਾਲ ਕਰਦਿਆਂ ਪਨਬੱਸ ਨਾਲ ਸਬੰਧਤ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਠੇਕਾ ਕਰਮਚਾਰੀਆਂ ਨੇ ਡਿਪੂਆਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਠੇਕੇਦਾਰ ਅਤੇ ਵਿਭਾਗ ਦੀਆਂ ਨੀਤੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ। ਇਸ ਦੌਰਾਨ ਡਿਪੂਆਂ ਤੋਂ ਬੱਸਾਂ ਨੂੰ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ। ਪੂਰੇ ਘਟਨਾਕ੍ਰਮ ਨਾਲ ਸੂਬੇ ਵਿਚ ਲੱਖਾਂ ਯਾਤਰੀ ਪ੍ਰੇਸ਼ਾਨ ਹੋਏ।

ਬੁੱਧਵਾਰ ਸਵੇਰੇ 5 ਵਜੇ ਸ਼ੁਰੂ ਹੋਇਆ ਪ੍ਰਦਰਸ਼ਨ ਅਧਿਕਾਰੀਆਂ ਦੇ ਭਰੋਸੇ ਉਪਰੰਤ 14 ਘੰਟੇ ਬਾਅਦ ਸ਼ਾਮ 7 ਵਜੇ ਖ਼ਤਮ ਹੋਇਆ ਅਤੇ ਸ਼ੁਰੂਆਤ ਵਿਚ ਸਿਰਫ਼ ਲੋਕਲ ਬੱਸਾਂ ਨੂੰ ਰਵਾਨਾ ਕੀਤਾ ਗਿਆ। ਲੰਮੇ ਰੂਟ ਦੀਆਂ ਬੱਸਾਂ ਦੀ ਆਵਾਜਾਈ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋ ਸਕੀ। ਰੋਸ ਪ੍ਰਦਰਸ਼ਨ ਕਾਰਨ ਪਨਬੱਸ ਦੀਆਂ ਬੱਸਾਂ ਦੇ ਅਣਗਿਣਤ ਟਾਈਮ ਮਿਸ ਹੋਏ, ਜਿਸ ਨਾਲ ਲੱਖਾਂ ਰੁਪਏ ਦਾ ਘਾਟਾ ਹੋਇਆ। ਠੇਕਾ ਕਰਮਚਾਰੀਆਂ ਦੇ ਪ੍ਰਦਰਸ਼ਨ ਕਾਰਨ ਆਊਟਸੋਰਸ ਕੰਪਨੀ ਵੱਲੋਂ ਸ਼ਾਮ 4 ਵਜੇ ਤਕ ਕਰਮਚਾਰੀਆਂ ਦੇ ਖਾਤਿਆਂ ਵਿਚ ਤਨਖ਼ਾਹ ਪੁਆ ਦਿੱਤੀ ਗਈ ਪਰ ਯੂਨੀਅਨ ਨੇ ਇਸ ਦੇ ਬਾਵਜੂਦ ਪ੍ਰਦਰਸ਼ਨ ਖ਼ਤਮ ਨਹੀਂ ਕੀਤਾ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਇਸ 14 ਘੰਟੇ ਦੇ ਚੱਕਾ ਜਾਮ ਨੂੰ ਅਸਥਾਈ ਤੌਰ ’ਤੇ ਰੋਕਿਆ ਗਿਆ ਹੈ।

ਚਿਤਾਵਨੀ ਦਿੰਦਿਆਂ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਲਿਖ਼ਤੀ ਵਿਚ ਦਿੱਤਾ ਜਾਵੇ ਕਿ ਤਨਖ਼ਾਹ 5-7 ਤਾਰੀਖ਼ ਤਕ ਜਾਰੀ ਕਰ ਦਿੱਤੀ ਜਾਵੇ। ਡਿਪੂ-1 ਦੇ ਚਾਨਣ ਸਿੰਘ ਚੰਨਾ, ਗੁਰਪ੍ਰੀਤ ਸਿੰਘ ਭੁੱਲਰ, ਭੁਪਿੰਦਰ ਸਿਘ ਫ਼ੌਜੀ ਨੇ ਕਿਹਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਪਹਿਲਾਂ ਵੀ ਕਈ ਵਾਰ 5 ਤਾਰੀਖ਼ ਤਕ ਤਨਖ਼ਾਹ ਮਿਲਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਹਰ ਵਾਰ ਤਨਖਾਹ ਦੇਰੀ ਨਾਲ ਮਿਲਦੀ ਹੈ। ਡਿਪੂ-2 ਦੇ ਸਤਪਾਲ ਸਿੰਘ ਸੱਤਾ, ਹਰਜਿੰਦਰ ਸਿੰਘ, ਦਲਜੀਤ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਕੁਲਦੀਪ ਸਿੰਘ ਅਤੇ ਹੋਰਨਾਂ ਨੇ ਠੇਕੇਦਾਰ ਦੀਆਂ ਨੀਤੀਆਂ ਖ਼ਿਲਾਫ਼ ਡਿਪੂ ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।

ਸਕਿਓਰਿਟੀ ਦੇ ਨਾਂ ’ਤੇ ਹੋਏ ਘਪਲੇ ਦੀ ਜਾਂਚ ਮੰਗੀ
ਯੂਨੀਅਨ ਨੇਤਾਵਾਂ ਨੇ ਕਿਹਾ ਕਿ ਸਕਿਓਰਿਟੀ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ, ਜਿਸ ਦੀ ਵੱਡੇ ਪੱਧਰ ’ਤੇ ਜਾਂਚ ਕਰਵਾਈ ਜਾਵੇ ਅਤੇ ਬਣਦਾ ਪੈਸਾ ਕਰਮਚਾਰੀਆਂ ਨੂੰ ਵਾਪਸ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਕਰਮਚਾਰੀਆਂ ਦੇ ਪੈਸਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਦੇਰੀ ਨਾਲ ਤਨਖ਼ਾਹ ਮਿਲਦੀ ਹੈ।

ਪੀ. ਆਰ. ਟੀ. ਸੀ. ਅਤੇ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਰਹੀ ਜਾਰੀ
ਇਸ ਦੌਰਾਨ ਪਨਬੱਸ ਦੀਆਂ ਬੱਸਾਂ ਦਾ ਚੱਕਾ ਜਾਮ ਹੋਇਆ, ਜਦਕਿ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਨਾਲ ਸਬੰਧਤ ਬੱਸਾਂ ਦੀ ਆਵਾਜਾਈ ਜਾਰੀ ਰਹੀ। ਪਨਬੱਸ ਦੇ ਠੇਕਾ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਤਨਖ਼ਾਹ ਵਿਚ ਦੇਰੀ ਕੀਤੀ ਗਈ ਸੀ, ਜਿਸ ਕਾਰਨ ਹੜਤਾਲ ਦੀ ਸ਼ੁਰੂਆਤ ਪਨਬੱਸ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਹੜਤਾਲ ਕਰਨੀ ਪਈ ਤਾਂ ਪੀ. ਆਰ. ਟੀ. ਸੀ. ਵੀ ਇਸ ਵਿਚ ਹਿੱਸਾ ਲਵੇਗੀ।

ਦਿੱਲੀ-ਹਿਮਾਚਲ ਸਮੇਤ ਲੰਮੇ ਰੂਟਾਂ ਦੇ ਯਾਤਰੀ ਬੇਹੱਦ ਪ੍ਰੇਸ਼ਾਨ
ਲੰਮੇ ਰੂਟਾਂ ਦੀ ਆਵਾਜਾਈ ਬੰਦ ਹੋਣ ਕਾਰਨ ਦਿੱਲੀ, ਹਰਿਆਣਾ, ਹਿਮਾਚਲ, ਉੱਤਰਾਖੰਡ, ਰਾਜਸਥਾਨ ਆਦਿ ਜਾਣ ਵਾਲੇ ਯਾਤਰੀਆਂ ਨੂੰ ਬੇਹੱਦ ਪ੍ਰੇਸ਼ਾਨੀਆਂ ਹੋਈਆਂ। ਉਥੇ ਹੀ ਪਨਬੱਸ ਨਾਲ ਸਬੰਧਤ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਦੀ ਚਾਂਦੀ ਰਹੀ। ਦਿੱਲੀ ਆਦਿ ਰੂਟਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਅਤੇ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ’ਤੇ ਨਿਰਭਰ ਹੋਣਾ ਪਿਆ।