- Updated: September 06, 2023 07:14 PM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ (6 ਸਤੰਬਰ) ਨੂੰ "ਦੇਸ਼ ਦੇ ਹਾਲਾਤਾਂ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਨਾਮ ਬਦਲਣ ਦੀ ਸੰਭਾਵਨਾ" ਦਾ ਹਵਾਲਾ ਦਿੰਦੇ ਹੋਏ ਆਉਣ ਵਾਲੀਆਂ 2024 ਦੀਆਂ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਦੀਆਂ ਅਟਕਲਾਂ ਨੂੰ ਪੱਕੇ ਤੌਰ 'ਤੇ ਖਾਰਜ ਕਰ ਦਿੱਤਾ।ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਦੀਆਂ ਖ਼ਬਰਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜਨਾ ਵੀ ਜਾਣਦੀ ਹੈ, ਇਕੱਲਿਆਂ ਚੋਣ ਜਿੱਤਣਾ ਵੀ ਜਾਣਦੀ ਹੈ ਅਤੇ ਇਕੱਲਿਆਂ ਸਰਕਾਰਾਂ ਬਣਾ ਕੇ ਸਰਕਾਰਾਂ ਚਲਾਉਣੀਆਂ ਵੀ ਜਾਣਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਬਹੁਤ ਵੱਡੇ ਫਤਵੇ ਨਾਲ ਸਰਕਾਰ ਬਣਾ ਕੇ ਲੋਕਾਂ ਦੇ ਪੱਖ ਵਿਚ ਫ਼ੈਸਲੇ ਲੈ ਰਹੇ ਹਾਂ। ਪੰਜਾਬ ਸਰਕਾਰ ਨੂੰ ਅਤੇ ਸਰਕਾਰ ਦੇ ਫ਼ੈਸਲਿਆਂ ਨੂੰ ਲੋਕ ਪਿਆਰ ਦੇ ਰਹੇ ਹਨ। ਭਾਵੇਂ ਬਿਜਲੀ ’ਤੇ ਕੰਮ ਕਰਨਾ ਹੋਵੇ, ਭਾਵੇਂ ਪੜ੍ਹਾਈ, ਸਿਹਤ ਸਹੂਲਤਾਂ, ਭਾਵੇਂ ਇੰਫਰਾਸਟਰਕਚਰ, ਨੌਕਰੀਆਂ ਦੇਣੀਆਂ ਹੋਣ ਅਤੇ ਭਾਵੇਂ ਕਿਸਾਨਾਂ ਨੂੰ ਮੁਆਵਜ਼ਿਆਂ ਦੀ ਗੱਲ ਹੋਵੇ। ਪੰਜਾਬ ਸਰਕਾਰ ਨੇ ਲੋਕਾਂ ਲਈ ਵੱਡੇ ਫ਼ੈਸਲੇ ਲਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ 2024 ਦੀਆਂ ਚੋਣਾਂ ਵਿਚ ਦੇਸ਼ ਦੇ ਕੀ ਹਾਲਾਤ ਬਣਨਗੇ, ਇਹ ਸਮਾਂ ਦੱਸੇਗਾ। ਉਸ ਸਮੇਂ ਮੁਲਕ ਦਾ ਨਾਂ ਕੀ ਹੋਵੇਗਾ, ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ, ਪਤਾ ਕੀ ਉਹ ਕੀ ਨਾਮ ਰੱਖ ਦੇਣਗੇ। ਪਹਿਲਾਂ ਇਕੱਲੇ ਰੇਲਵੇ ਸਟੇਸ਼ਨਾਂ ਦੇ ਨਾਂ ਬਦਲਦੇ ਸੀ, ਫਿਰ ਸ਼ਹਿਰਾਂ ਦੇ ਨਾਮ ਬਦਲਣ ਲੱਗ ਗਏ, ਹੁਣ ਮੁਲਕ ਵੱਲ ਹੋ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜੀ ਅਤੇ 92 ਸੀਟਾਂ ’ਤੇ ਜਿੱਤ ਦਰਜ ਕੀਤੀ। ਆਮ ਆਦਮੀ ਪਾਰਟੀ ਦਿੱਲੀ ਵਿਚ ਤੀਜੀ ਵਾਰ ਸੱਤਾ ਵਿਚ ਹੈ, ਆਮ ਆਦੀ ਪਾਰਟੀ ਗੁਜਰਾਤ ਵਿਚ ਇਕੱਲਿਆਂ ਲੜੀ ਅਤੇ 13 ਫੀਸਦੀ ਵੋਟਾਂ ਆਈਆਂ। ਆਮ ਆਦਮੀ ਪਾਰਟੀ ਸਭ ਤੋਂ ਛੋਟੀ ਉਮਰ ਦੀ ਪਾਰਟੀ ਅੱਜ ਨੈਸ਼ਨਲ ਪਾਰਟੀ ਬਣ ਗਈ ਹੈ। ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜਨਾ ਵੀ ਜਾਣਦੀ ਹੈ, ਅਤੇ ਜਿੱਤਣਾ ਵੀ ਜਾਣਦੀ ਹੈ।