ਕੁੜੀ ਵਾਲਿਆਂ ਨੇ Love Marriage ਕਰਵਾਉਣ ਕਾਰਨ ਮੁੰਡੇ ਨੂੰ ਘਰ ਸੱਦ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਕੁੜੀ ਵਾਲਿਆਂ ਨੇ Love Marriage ਕਰਵਾਉਣ ਕਾਰਨ ਮੁੰਡੇ ਨੂੰ ਘਰ ਸੱਦ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਪ੍ਰੇਮ ਸਬੰਧਾਂ ਦੇ ਚੱਲਦਿਆਂ 22 ਸਾਲਾ ਨੌਜਵਾਨ ਨੂੰ ਕੁੜੀ ਵਾਲਿਆਂ ਨੇ ਘਰ ਬੁਲਾ ਕੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ, ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪਿੰਡ ਲੰਮਾ ਦੇ ਰਹਿਣ ਵਾਲੇ ਹਰਮਨਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਮਿਸਤਰੀ ਦਾ ਕੰਮ ਕਰਦਾ ਸੀ। ਪੁਲਸ ਨੇ ਕੁੜੀ ਦੇ ਪਿਤਾ ਅਤੇ ਦੋ ਭਰਾਵਾਂ ਸਮੇਤ ਚਾਰ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚੌਥੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

ਜਾਣਕਾਰੀ ਅਨੁਸਾਰ ਹਰਮਨਜੀਤ ਸਿੰਘ ਇਕ ਕੁੜੀ ਨਾਲ ਪਿਆਰ ਕਰਦਾ ਸੀ ਅਤੇ ਦੋਵੇਂ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੇ ਸਨ। ਲੰਘੀ 9 ਨਵੰਬਰ ਦੀ ਸ਼ਾਮ ਕਰੀਬ 7:30 ਵਜੇ ਕੁੜੀ ਦੇ ਪਰਿਵਾਰ ਨੇ ਹਰਮਨਜੀਤ ਨੂੰ ਆਪਣੇ ਘਰ ਬੁਲਾਇਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਕੁੜੀ ਦੇ ਪਿਤਾ ਸੁਭਾਸ਼ ਕੁਮਾਰ ਨੇ ਉਸ ਨੂੰ ਅੰਦਰ ਖਿੱਚ ਲਿਆ ਅਤੇ ਉਸ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਦੌਰਾਨ ਸੁਭਾਸ਼ ਕੁਮਾਰ ਦੇ ਸਾਲੇ ਨੇ ਹਰਮਨਜੀਤ ਨੂੰ ਫੜ ਕੇ ਰੱਖਿਆ ਹੋਇਆ ਸੀ ਅਤੇ ਕੁੜੀ ਦੇ ਦੋਵਾਂ ਭਰਾਵਾਂ ਮਨਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ। ਹਰਮਨਜੀਤ ਨੇ ਕਿਸੇ ਤਰ੍ਹਾਂ ਆਪਣੇ ਉੱਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।

ਘਟਨਾ ਤੋਂ ਤੁਰੰਤ ਬਾਅਦ ਗੰਭੀਰ ਹਾਲਤ ਵਿਚ ਹਰਮਨਜੀਤ ਨੂੰ ਪਹਿਲਾਂ ਜਗਰਾਓਂ ਅਤੇ ਲੁਧਿਆਣਾ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿੱਥੋਂ ਬਾਅਦ ਵਿਚ ਪੀ.ਜੀ.ਆਈ. ਚੰਡੀਗੜ੍ਹ ਹੁੰਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ। 11 ਨਵੰਬਰ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਪੁਲਿਸ ਨੇ ਉਸ ਦੇ ਬਿਆਨ ਦਰਜ ਕੀਤੇ ਸਨ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਹਠੂਰ ਦੇ ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 9 ਨਵੰਬਰ ਦੀ ਰਾਤ ਨੂੰ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ। ਪੁਲਸ ਨੇ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ- ਪਿਤਾ ਸੁਭਾਸ਼ ਕੁਮਾਰ, ਭਰਾ ਮਨਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਫ਼ਰਾਰ ਚੌਥੇ ਦੋਸ਼ੀ (ਸੁਭਾਸ਼ ਕੁਮਾਰ ਦੇ ਸਾਲੇ) ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।