- Updated: November 20, 2026 07:38 PM
ਤਰਨਤਾਰਨ ਵਿਚ ਪੰਜਾਬ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਇਕਬਾਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਅਮਨਦੀਪ ਉਰਫ਼ ਹੈਪੀ ਬ੍ਰਾਹਮਣ ਨੂੰ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਜ਼ੀਰਕਪੁਰ ਦੇ ਕੇ.ਐੱਮ.ਜੀ. ਹੋਟਲ ਵਿਚ ਹੋਏ ਪੁਲਸ ਮੁਕਾਬਲੇ ਦੌਰਾਨ ਜ਼ਖ਼ਮੀ ਹਾਲਤ ਵਿਚ ਕਾਬੂ ਕਰ ਲਿਆ। ਪੁਲਸ ਅਨੁਸਾਰ ਘੇਰਾਬੰਦੀ ਦੌਰਾਨ ਆਤਮ-ਸਮਰਪਣ ਕਰਨ ਲਈ ਕਹਿਣ ’ਤੇ ਮੁਲਜ਼ਮ ਨੇ ਪੁਲਸ ਟੀਮ ਉੱਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਪੁਲਸ ਇਸ ਹੱਤਿਆਕਾਂਡ ਵਿਚ ਲੋੜੀਂਦੇ ਇੱਕ ਹੋਰ ਮੁਲਜ਼ਮ ਭੁਪਿੰਦਰ ਸਿੰਘ ਭਿੰਦਾ ਦੀ ਵੀ ਭਾਲ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਏਜੀਟੀਐੱਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਏਐੱਸਆਈ ਇਕਬਾਲ ਸਿੰਘ ਹੱਤਿਆਕਾਂਡ ਵਿੱਚ ਲੋੜੀਂਦਾ ਹੈਪੀ ਬ੍ਰਾਹਮਣ ਜ਼ੀਰਕਪੁਰ ਦੇ ਕੇਐੱਮਜੀ ਹੋਟਲ ਵਿੱਚ ਲੁਕਿਆ ਹੋਇਆ ਹੈ। ਉਹ ਹੋਟਲ ਦੀ ਪਹਿਲੀ ਮੰਜ਼ਿਲ ਉੱਤੇ ਇਕ ਮੁਟਿਆਰ ਨਾਲ ਠਹਿਰਿਆ ਹੋਇਆ ਸੀ। ਸੂਚਨਾ ਮਿਲਦਿਆਂ ਹੀ ਏਜੀਟੀਐੱਫ ਦੀ ਟੀਮ ਨੇ ਹੋਟਲ ਪਹੁੰਚ ਕੇ ਘੇਰਾਬੰਦੀ ਕਰ ਲਈ। ਪੁਲਸ ਦੇ ਦਾਅਵੇ ਅਨੁਸਾਰ ਜਦੋਂ ਹੈਪੀ ਬ੍ਰਾਹਮਣ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਪੁਲਸ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਇਕ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਮਗਰੋਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਹੋਟਲ ਵਿਚ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਜ਼ੀਰਕਪੁਰ ਦੀ ਏਐੱਸਪੀ ਗਜ਼ਲਪ੍ਰੀਤ ਕੌਰ, ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਅਤੇ ਏਜੀਟੀਐੱਫ ਦੇ ਡੀਐੱਸਪੀ ਸਮੇਤ ਸੀਨੀਅਰ ਪੁਲਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਪੁਲਸ ਟੀਮਾਂ ਨੇ ਹੋਟਲ ਅੰਦਰ ਅਤੇ ਆਸਪਾਸ ਜਾਂਚ ਸ਼ੁਰੂ ਕਰ ਦਿੱਤੀ। ਹੈਪੀ ਬ੍ਰਾਹਮਣ ਨਾਲ ਮੌਜੂਦ ਮੁਟਿਆਰ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਵਿੱਚ ਉਸ ਦੀ ਕਿਸੇ ਭੂਮਿਕਾ ਦੀ ਪੁਸ਼ਟੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ 11 ਅਕਤੂਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ ਇਲਾਕੇ ਵਿਚ ਏਐੱਸਆਈ ਇਕਬਾਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਫਿਰੋਜ਼ਪੁਰ ਵਿਖੇ ਕਾਊਂਟਰ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਸਨ। ਡਿਊਟੀ ਖ਼ਤਮ ਕਰਕੇ ਸ਼ਾਮ ਕਰੀਬ ਸਾਢੇ ਸੱਤ ਵਜੇ ਮੋਟਰਸਾਈਕਲ ਉੱਤੇ ਘਰ ਪਰਤਦਿਆਂ ਉਨ੍ਹਾਂ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਵਾਰਦਾਤ ਮਗਰੋਂ ਗੈਂਗਸਟਰ ਡੋਨੀ ਬੱਲ ਦੇ ਨਾਂ ਉੱਤੇ ਸਮਾਜਿਕ ਮਾਧਿਅਮਾਂ ਵਿੱਚ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵੀ ਸਾਹਮਣੇ ਆਈ ਸੀ।
ਪੁਲਸ ਅਨੁਸਾਰ ਜ਼ਖ਼ਮੀ ਹੈਪੀ ਬ੍ਰਾਹਮਣ ਦਾ ਇਲਾਜ ਚੱਲ ਰਿਹਾ ਹੈ। ਹੱਤਿਆਕਾਂਡ ਵਿੱਚ ਲੋੜੀਂਦੇ ਭੁਪਿੰਦਰ ਸਿੰਘ ਭਿੰਦਾ ਦੀ ਭਾਲ ਦੇ ਨਾਲ-ਨਾਲ ਮੁਲਜ਼ਮਾਂ ਦੇ ਆਪਸੀ ਸੰਪਰਕਾਂ ਅਤੇ ਅਪਰਾਧਿਕ ਜਾਲ ਦੀ ਜਾਂਚ ਜਾਰੀ ਹੈ।