ਪੰਜਾਬ ਵਿਚ ਅਗਲੇ ਦੋ ਦਿਨ ਤੇਜ਼ ਮੀਂਹ ਨਾਲ ਗੜੇਮਾਰੀ ਦਾ ਅਲਰਟ ਹੋਇਆ ਜਾਰੀ

ਪੰਜਾਬ ਵਿਚ ਅਗਲੇ ਦੋ ਦਿਨ ਤੇਜ਼ ਮੀਂਹ ਨਾਲ ਗੜੇਮਾਰੀ ਦਾ ਅਲਰਟ ਹੋਇਆ ਜਾਰੀ

ਪੰਜਾਬ ਵਿਚ ਅੱਜ ਤੋਂ ਮੌਸਮ ਬਦਲਣ ਜਾ ਰਿਹਾ ਹੈ। ਅਗਲੇ ਦੋ ਦਿਨ ਤੇਜ਼ ਮੀਂਹ ਤੇ ਹਨੇਰੀ ਦੀ ਚਿਤਾਵਨੀ ਦਿੱਤੀ ਗਈ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ ਅਗਲੇ 2 ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੀਂਹ ਦੇ ਨਾਲ-ਨਾਲ ਤੂਫ਼ਾਨ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਵਿਭਾਗੀ ਜਾਣਕਾਰੀ ਅਨੁਸਾਰ ਗਰਮੀ ਤੋਂ ਰਾਹਤ ਦਾ ਇਹ ਸਿਲਸਿਲਾ ਐਤਵਾਰ ਤੱਕ ਜਾਰੀ ਰਹੇਗਾ ਕਿਉਂਕਿ 26-27 ਨੂੰ ਆਰੇਂਜ ਅਲਰਟ, ਜਦਕਿ 28 ਅਪ੍ਰੈਲ ਨੂੰ ਯੈਲੋ ਅਲਰਟ ਐਲਾਨਿਆ ਗਿਆ ਹੈ, ਜਿਸ ਕਾਰਨ 3 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਲੜੀ ਤਹਿਤ ਪੰਜਾਬ 29 ਅਪ੍ਰੈਲ ਨੂੰ ਗ੍ਰੀਨ ਜ਼ੋਨ ’ਚ ਆ ਜਾਵੇਗਾ। ਮਾਹਿਰਾਂ ਨੇ ਕਿਹਾ ਹੈ ਕਿ ਇਸ ਦੌਰਾਨ ਗੜ੍ਹੇਮਾਰੀ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਦਾ ਮੌਜੂਦਾ ਮੌਸਮ ਕਈ ਬਦਲਾਵਾਂ ਦੇ ਸੰਕੇਤ ਦੇ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਹਾਲ ਹੀ ’ਚ ਹੋਈ ਗੜ੍ਹੇਮਾਰੀ ਦੌਰਾਨ ਦੇਖਣ ਨੂੰ ਮਿਲੀ।

ਮੌਸਮ ਵਿਭਾਗ ਨੇ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਕਣਕ ਅਤੇ ਸਰ੍ਹੋਂ ਦੀ ਫ਼ਸਲ ਨੂੰ ਵਾਢੀ ਤੋਂ ਬਾਅਦ ਸੁਰੱਖਿਅਤ ਥਾਵਾਂ 'ਤੇ ਰੱਖਣ ਲਈ ਕਿਹਾ ਹੈ ਤਾਂ ਜੋ ਮੀਂਹ ਕਾਰਨ ਫ਼ਸਲ ਨੂੰ ਨੁਕਸਾਨ ਨਾ ਹੋਵੇ। ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਅਜਿਹੇ 'ਚ ਮੀਂਹ ਕਾਰਨ ਕਿਸਾਨਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।