ਮਲੇਸ਼ੀਆ ਮਾਸਟਰਸ ਦੇ ਸੈਮੀਫਾਈਨਲ ''ਚ ਪੀ.ਵੀ. ਸਿੰਧੂ ਤੇ ਐੱਚ.ਐੱਸ.ਪ੍ਰਣਯ ਨੇ ਕੀਤਾ ਪ੍ਰਵੇਸ਼

ਮਲੇਸ਼ੀਆ ਮਾਸਟਰਸ ਦੇ ਸੈਮੀਫਾਈਨਲ ''ਚ ਪੀ.ਵੀ. ਸਿੰਧੂ ਤੇ ਐੱਚ.ਐੱਸ.ਪ੍ਰਣਯ ਨੇ ਕੀਤਾ ਪ੍ਰਵੇਸ਼

ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸ਼ੁੱਕਰਵਾਰ ਨੂੰ ਚੀਨ ਦੀ ਝਾਂਗ ਯੀ ਮਾਨ ਨੂੰ ਮੈਰਾਥਨ ਮੁਕਾਬਲੇ ਵਿੱਚ ਹਰਾ ਕੇ ਮਲੇਸ਼ੀਆ ਮਾਸਟਰਜ਼ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਨੇ ਹੇਠਲੀ ਰੈਂਕਿੰਗ ਵਾਲੇ ਚੀਨ ਨੂੰ 21-16, 13-21, 22-20 ਨਾਲ ਹਰਾਉਣ ਵਿਚ 1 ਘੰਟਾ 14 ਮਿੰਟ ਦਾ ਸਮਾਂ ਲਿਆ। ਸਿੰਧੂ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਲ ਇੰਗਲੈਂਡ ਓਪਨ ਵਿੱਚ 18ਵੀਂ ਰੈਂਕਿੰਗ ਦੀ ਝਾਂਗ ਤੋਂ 32 ਗੇੜ ਵਿੱਚ ਹਾਰ ਦਾ ਬਦਲਾ ਲਿਆ। ਉਹ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਸੱਤਵਾਂ ਦਰਜਾ ਪ੍ਰਾਪਤ ਅਤੇ ਵਿਸ਼ਵ ਦੀ 9ਵੇਂ ਨੰਬਰ ਦੀ ਖ਼ਿਡਾਰਨ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨਾਲ ਭਿੜੇਗੀ।

ਇਸ ਦੌਰਾਨ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਐੱਚ.ਐੱਸ. ਪ੍ਰਣਯ ਨੇ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਨੂੰ 25-23, 18-21, 21-18 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੁਣ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਕ੍ਰਿਸਟੀਅਨ ਅਦਿਨਾਤਾ ਨਾਲ ਹੋਵੇਗਾ, ਜਿਸ ਨੇ ਕਿਦਾਂਬੀ ਸ਼੍ਰੀਕਾਂਤ ਨੂੰ ਹਰਾਇਆ ਸੀ। ਪ੍ਰਣਯ ਇਸ ਤੋਂ ਪਹਿਲਾਂ ਕਦੇ ਵੀ ਨੌਜਵਾਨ ਅਦਿਨਾਤਾ ਦੇ ਖਿਲਾਫ ਨਹੀਂ ਖੇਡਿਆ ਹੈ। ਅਦਿਨਾਤਾ ਨੇ ਪਿਛਲੇ ਸਾਲ ਹੀ ਸੀਨੀਅਰ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਸੀ। 57 ਮਿੰਟ ਤੱਕ ਚੱਲੇ ਇਸ ਮੈਚ 'ਚ ਸ਼੍ਰੀਕਾਂਤ ਨੇ ਅਦਿਨਾਤਾ ਦੇ ਖਿਲਾਫ ਪਹਿਲਾ ਗੇਮ ਜਿੱਤਿਆ, ਪਰ ਅਗਲੀਆਂ ਦੋ ਗੇਮਾਂ ਹਾਰ ਗਿਆ। ਅਦਿਨਾਤਾ ਨੇ ਸ਼੍ਰੀਕਾਂਤ ਨੂੰ 21-16, 16-21, 11-21 ਨਾਲ ਹਰਾਇਆ।