ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ PM ਮੋਦੀ ਦੀ  ਦੋ-ਟੁੱਕ, ਮੰਦਰਾਂ ’ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। 

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ PM ਮੋਦੀ ਦੀ  ਦੋ-ਟੁੱਕ, ਮੰਦਰਾਂ ’ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। 

ਆਸਟ੍ਰੇਲੀਆ ਦੌਰੇ ਦੇ ਆਖਰੀ ਦਿਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪ੍ਰੈੱਸ ਕਾਨਫਰੰਸ ਕੀਤੀ। ਮੋਦੀ ਨੇ ਆਸਟ੍ਰੇਲੀਆ ਵਿਚ ਮੰਦਰਾਂ ’ਤੇ ਹਮਲੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਵੱਖਵਾਦੀ ਤੱਤਾਂ ਦੀਆਂ ਗਤੀਵਿਧੀਆਂ ’ਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ। ਅਜਿਹੀਆਂ ਹਰਕਤਾਂ ਬਰਦਾਸ਼ਤਯੋਗ ਨਹੀਂ, ਜਿਸ ਨਾਲ ਆਪਸੀ ਰਿਸ਼ਤਿਆਂ ਨੂੰ ਨੁਕਸਾਨ ਹੋਵੇ। ਅਲਬਾਨੀਜ਼ ਨੇ ਭਰੋਸਾ ਦਿਵਾਇਆ ਕਿ ਸਖ਼ਤ ਐਕਸ਼ਨ ਲਿਆ ਜਾਵੇਗਾ। ਬੁੱਧਵਾਰ ਨੂੰ ਹੀ ਮੋਦੀ ਨੇ ਆਸਟ੍ਰੇਲੀਆ ਦੀ ਬਿਜ਼ਨੈੱਸ ਕਮਿਊਨਿਟੀ ਨਾਲ ਵੀ ਗੱਲਬਾਤ ਕੀਤੀ। ਮੋਦੀ ਅਤੇ ਅਲਬਾਨੀਜ਼ ਸਿਡਨੀ ਹਾਰਬਰ ਅਤੇ ਅੋਪੇਰਾ ਹਾਊਸ ਵੀ ਗਏ। ਸਿਡਨੀ ਹਾਰਬਰ ਦੇ ਇਕ ਪਾਸੇ ਭਾਰਤ ਤਾਂ ਦੂਜੇ ਪਾਸੇ ਆਸਟ੍ਰੇਲੀਆ ਦੇ ਨੈਸ਼ਨਲ ਫਲੈਗ ਨਜ਼ਰ ਆਏ। ਇਸ ਤੋਂ ਬਾਅਦ ਮੋਦੀ ਡੈਲੀਗੇਸ਼ਨ ਦੇ ਨਾਲ ਸਟੇਟ ਡਿਨਰ ਲਈ ਗਏ। ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਬੇਂਗਲੁਰੂ ਵਿਚ ਇਕ ਕੌਂਸਲੇਟ ਜਨਰਲ ਖੋਲ੍ਹੇਗਾ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਬਿਜ਼ਨੈੱਸ ਅਤੇ ਟੈਕਨਾਲੋਜੀ ਸਾਂਝਾ ਕਰਨ ਦੇ ਮਾਮਲੇ ’ਚ ਮਦਦ ਮਿਲੇ। ਦੋ-ਪੱਖੀ ਬੈਠਕ ਵਿਚ ਜੀ-20, ਟ੍ਰੇਡ ਅਤੇ ਡਿਫੈਂਸ ਸੈਕਟਰ ਦੇ ਨਾਲ ਮਿਲਟਰੀ ਕੋ-ਆਪ੍ਰੇਸ਼ਨ ਵਧਾਉਣ ’ਤੇ ਗੱਲ ਹੋਈ। ਬੈਠਕ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਮੌਜੂਦ ਸਨ। ਦੋਵਾਂ ਦੇਸ਼ਾਂ ਦਰਮਿਆਨ ਐੱਮ. ਓ. ਯੂ. ਵੀ. ਸਾਈਨ ਕੀਤੇ ਗਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਦੇਸ਼ਾਂ ਦੀ ਆਪਣੀ ਯਾਤਰਾ ਦੌਰਾਨ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਭਾਰਤ ਦੇ ਵੱਖ-ਵੱਖ ਖੇਤਰਾਂ ਦੀ ਕਬਾਇਲੀ ਕਲਾ ਅਤੇ ਸ਼ਿਲਪ ਨਾਲ ਜੁੜੀਆਂ ਕਲਾਕ੍ਰਿਤੀਆਂ ਭੇਟ ਕੀਤੀਆਂ। ਢੋਕਰਾ ਸ਼ਿਲਪ ਕਲਾ ਨਾਲ ਬਣੀਆਂ ਕਲਾਕ੍ਰਿਤੀਆਂ ਆਸਟ੍ਰੇਲੀਆ, ਬ੍ਰਾਜ਼ੀਲ , ਕੁਕ ਆਈਲੈਂਡਸ ਅਤੇ ਟੋਂਗਾ ਦੇ ਨੇਤਾਵਾਂ ਨੂੰ ਭੇਟ ਕੀਤੀਆਂ ਗਈਆਂ। ਮੋਦੀ ਨੇ ਆਪਣੇ ਕੈਨੇਡਾ ਦੇ ਹਮਰੁਤਬਾ ਜਸਟਿਨ ਟਰੂਡੋ ਲਈ ਗੋਂਡ ਚਿੱਤਰਕਲਾ ਨੂੰ ਚੁਣਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਜਪਾਨ, ਪਾਪੁਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੀ ਆਪਣੀ 3 ਦੇਸ਼ਾਂ ਦੀ ਯਾਤਰਾ ਖ਼ਤਮ ਕੀਤੀ।ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਬੁੱਧਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਭਾਰਤੀ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮੋਦੀ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਿਲੇ ਮਜ਼ਬੂਤ ​​ਦੋ-ਪੱਖੀ ਸਮਰਥਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਗਵਰਨਰ ਜਨਰਲ ਡੇਵਿਡ ਹਰਲੇ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਸਟ੍ਰੇਲੀਆਈ ਹਮਰੁਤਬਾ ਪੈਨੀ ਵੋਂਗ ਨਾਲ ਮੁਲਾਕਾਤ ਕੀਤੀ।

ਮੋਦੀ ਬੋਲੇ ਕਿ ਇਹ ਮੇਰੀ ਅਲਬਾਨੀਜ਼ ਨਾਲ ਇਕ ਸਾਲ ’ਚ 6ਵੀਂ ਮੁਲਾਕਾਤ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਭਾਰਤ-ਆਸਟ੍ਰੇਲੀਆ ਦੇ ਸਬੰਧ ਕਿੰਨੇ ਡੂੰਘੇ ਹਨ। ਕ੍ਰਿਕਟ ਦੀ ਭਾਸ਼ਾ ’ਚ ਕਹੀਏ ਤਾਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਟੀ-20 ਮੋੜ ਵਿਚ ਆ ਗਏ ਹਨ। ਮੋਦੀ ਨੇ ਅਲਬਾਨੀਜ਼ ਨੂੰ ਇਸ ਸਾਲ ਭਾਰਤ ’ਚ ਹੋਣ ਵਾਲੇ ਵਨ ਡੇ ਵਰਲਡ ਕੱਪ ਲਈ ਵੀ ਸੱਦਾ ਦਿੱਤਾ। ਐਂਥਨੀ ਅਲਬਾਨੀਜ਼ ਨੇ ਕਿਹਾ, "ਸਤੰਬਰ ’ਚ ਜੀ-20 ਸੰਮੇਲਨ ਭਾਰਤ ਵਿਚ ਹੋਣ ਵਾਲਾ ਹੈ। ਇਸ ਮੌਕੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਫਿਰ ਮਿਲਣ ਦਾ ਮੌਕਾ ਮਿਲੇਗਾ। ਮੈਂ ਚਾਹੁੰਦਾ ਹਾਂ ਕਿ ਦੋਵੇਂ ਦੇਸ਼ ਉਨ੍ਹਾਂ ਸੈਕਟਰਾਂ ’ਚ ਵੀ ਅੱਗੇ ਵਧਣ, ਜਿਨ੍ਹਾਂ ’ਤੇ ਹੁਣ ਤੱਕ ਜ਼ਿਆਦਾ ਕੰਮ ਨਹੀਂ ਹੋਇਆ ਹੈ।"