ਨਾਮਜ਼ਦਗੀ ਪੱਤਰ ਦਾਖਲ ਕੀਤਾ ਰਾਜਨਾਥ ਸਿੰਘ ਨੇ

ਨਾਮਜ਼ਦਗੀ ਪੱਤਰ ਦਾਖਲ ਕੀਤਾ ਰਾਜਨਾਥ ਸਿੰਘ ਨੇ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਲਖਨਊ ਸੰਸਦੀ ਹਲਕੇ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਾਜਨਾਥ ਸਿੰਘ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਹੈੱਡਕੁਆਰਟਰ ਤੋਂ ਪ੍ਰਮੁੱਖ ਨੇਤਾਵਾਂ ਅਤੇ ਸਮਰਥਕਾਂ ਦੇ ਨਾਲ ਕਲੈਕਟਰੇਟ ਪਹੁੰਚੇ ਅਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਦੀ ਮੌਜੂਦਗੀ ਵਿਚ ਰਿਟਰਨਿੰਗ ਅਫ਼ਸਰ ਅੱਗੇ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।

ਰਾਜਨਾਥ ਸਿੰਘ ਨੇ ਸੱਭ ਤੋਂ ਪਹਿਲਾਂ 2014 ਵਿਚ ਲਖਨਊ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ ਅਤੇ ਉਹ ਜਿੱਤੇ ਸਨ। ਉਨ੍ਹਾਂ ਨੇ 2019 ਵਿਚ ਵੀ ਇਥੋਂ ਅਪਣੀ ਜਿੱਤ ਬਰਕਰਾਰ ਰੱਖੀ। ਰੱਖਿਆ ਮੰਤਰੀ ਤੀਜੀ ਵਾਰ ਲਖਨਊ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਲਖਨਊ ਹਲਕੇ ਦੀ ਨੁਮਾਇੰਦਗੀ ਕੀਤੀ ਸੀ।

ਜਦੋਂ ਰਾਜਨਾਥ ਸਿੰਘ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਭਾਜਪਾ ਹੈੱਡਕੁਆਰਟਰ ਤੋਂ ਬਾਹਰ ਆਏ ਤਾਂ ਯੋਗੀ ਆਦਿੱਤਿਆਨਾਥ, ਪੁਸ਼ਕਰ ਸਿੰਘ ਧਾਮੀ, ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਸਮੇਤ ਕਈ ਪ੍ਰਮੁੱਖ ਨੇਤਾ ਉਨ੍ਹਾਂ ਦੇ ਨਾਲ ਸਨ। ਲਖਨਊ ਵਿਚ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਵਿਚ 20 ਮਈ ਨੂੰ ਵੋਟਿੰਗ ਹੋਵੇਗੀ।