ਰਵਨੀਤ ਬਿੱਟੂ ਨੇ ਕਿਹਾ ,"ਬਾਹਰੀ ਉਮੀਦਵਾਰ ਰਾਜਾ ਵੜਿੰਗ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣੇ ਆ ਰਹੇ"

ਰਵਨੀਤ ਬਿੱਟੂ ਨੇ ਕਿਹਾ ,

ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ 'ਤੇ ਕਾਂਗਰਸ 'ਤੇ ਤੰਜ਼ ਕੱਸਿਆ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਲੜਨ ਲਈ ਉਨ੍ਹਾਂ ਨੂੰ ਲੁਧਿਆਣਾ ਤੋਂ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ।

ਇਹ ਲੁਧਿਆਣਾ ਦੇ ਸਮੁੱਚੇ ਕਾਂਗਰਸ ਪਾਰਟੀ ਕੇਡਰ ਲਈ ਇਹ ਸਦਮੇ ਦੀ ਗੱਲ ਹੈ ਕਿ ਪਾਰਟੀ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਵਿੱਚੋਂ ਕੋਈ ਆਗੂ ਨਹੀਂ ਮਿਲਿਆ। ਇਸ ਲਈ ਪਾਰਟੀ ਪ੍ਰਧਾਨ ਨੂੰ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਰਾਜਾ ਵੜਿੰਗ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣਾ ਆਏ ਹਨ,ਮਨਾ ਕੇ ਚਲੇ ਜਾਣਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ ਜਿਸ ਕਰਕੇ ਪਾਰਟੀ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਕਾਂਗਰਸੀ ਉਮੀਦਵਾਰ ਲਿਆਉਣੇ ਪਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਵੀ ਕਾਂਗਰਸ ਦੀ ਹਾਲਤ ਵਿਗੜ ਗਈ ਹੈ। ਉੱਥੇ ਹੀ ਅਰਵਿੰਦ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਆਪਣੀ ‘ਸਮਰ ਰੀਟਰੀਟ’ ਦਾ ਆਨੰਦ ਲੈਣ ਲੁਧਿਆਣਾ ਆ ਰਹੀ ਹੈ। ਲੁਧਿਆਣਾ ਦੇ ਵੋਟਰ ਬਾਹਰਲੇ ਵਿਅਕਤੀ ਨੂੰ ਆਪਣਾ ਉਮੀਦਵਾਰ ਕਿਵੇਂ ਮੰਨ ਸਕਦੇ ਹਨ?

ਉਨ੍ਹਾਂ ਇਹ ਵੀ ਕਿਹਾ ਕਿ ਵੜਿੰਗ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਵੀ ਹਨ, ਅਜਿਹੇ 'ਚ ਗਿੱਦੜਬਾਹਾ ਦੇ ਵੋਟਰ ਕੀ ਕਹਿਣਗੇ ਕਿ ਸਾਡਾ ਨੁਮਾਇੰਦਾ ਸਾਡੇ ਤੋਂ ਭੱਜ ਗਿਆ ਹੈ। ਬਿੱਟੂ ਨੇ ਕਿਹਾ, ਮੈਂ ਵੜਿੰਗ ਨਾਲ ਕੰਮ ਕੀਤਾ ਹੈ ਅਤੇ ਸਾਡਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ ਪਰ ਚੋਣਾਂ ਭਾਵਨਾਵਾਂ ਅਤੇ ਰਿਸ਼ਤਿਆਂ 'ਤੇ ਨਹੀਂ ਲੜੀਆਂ ਜਾਂਦੀਆਂ। ਕਾਂਗਰਸ ਪਾਰਟੀ ਪਹਿਲਾਂ ਹੀ ਕਿਸੇ ਬਾਹਰੀ ਵਿਅਕਤੀ ਨੂੰ ਮੈਦਾਨ ਵਿੱਚ ਉਤਾਰ ਕੇ ਆਪਣੀ ਹਾਰ ਮੰਨ ਚੁੱਕੀ ਹੈ।