ਕਿਸਾਨਾਂ ਦਾ ਸਾਥ ਮਿਲਿਆ ਜੰਤਰ-ਮੰਤਰ ''ਤੇ ਬੈਠੇ ਪਹਿਲਵਾਨਾਂ ਨੂੰ , ਧਰਨੇ ''ਚ ਪਹੁੰਚੇ ਰਾਕੇਸ਼ ਟਿਕੈਤ। 

ਕਿਸਾਨਾਂ ਦਾ ਸਾਥ ਮਿਲਿਆ ਜੰਤਰ-ਮੰਤਰ ''ਤੇ ਬੈਠੇ ਪਹਿਲਵਾਨਾਂ ਨੂੰ , ਧਰਨੇ ''ਚ ਪਹੁੰਚੇ ਰਾਕੇਸ਼ ਟਿਕੈਤ। 

ਪਹਿਲਵਾਨਾਂ ਅਤੇ ਭਾਰਤੀ ਕੁਸ਼ਤੀ ਮਹਾਸੰਘ (WFI) ਦਰਮਿਆਨ ਜਾਰੀ 'ਜੰਗ' 'ਚ ਹੁਣ ਪਹਿਲਵਾਨਾਂ ਨੂੰ ਕਿਸਾਨਾਂ ਦਾ ਸਾਥ ਵੀ ਮਿਲ ਗਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਯਾਨੀ ਕਿ ਮੰਗਲਵਾਰ ਨੂੰ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਸਮਰਥਨ ਕਰਨ ਪੁੱਜੇ। ਉਨ੍ਹਾਂ ਨੇ ਪਹਿਲਵਾਨਾਂ ਦੀ ਮੰਗ ਦਾ ਸਮਰਥਨ ਕੀਤਾ ਹੈ। ਦੱਸ ਦੇਈਏ ਕਿ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨ ਧਰਨੇ 'ਤੇ ਬੈਠੇ ਹਨ। ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਸ਼ਰਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।

                  Image

ਦੱਸਣਯੋਗ ਹੈ ਕਿ ਬ੍ਰਜਭੂਸ਼ਣ 'ਤੇ ਯੌਨ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦਾ ਦੋਸ਼ ਲਾਉਣ ਵਾਲੇ ਪਹਿਲਵਾਨਾਂ ਨੇ 23 ਅਪ੍ਰੈਲ ਨੂੰ ਆਪਣਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਪਹਿਲਵਾਨਾਂ ਨੂੰ ਸਿਆਸੀ ਨੇਤਾਵਾਂ ਦਾ ਵੀ ਸਾਥ ਮਿਲ ਰਿਹਾ ਹੈ। ਧਰਨਾ ਪ੍ਰਦਰਸ਼ਨ 'ਤੇ ਬੈਠੇ ਬਜਰੰਗ ਪੂਨੀਆ ਨੇ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲੇਗਾ, ਸਾਡੀ ਲੜਾਈ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਖਿਡਾਰੀ ਦਾ ਅਪਰਾਧਕ ਰਿਕਾਰਡ ਨਹੀਂ ਹੈ ਸਗੋਂ ਬ੍ਰਜਭੂਸ਼ਣ ਦਾ ਅਪਰਾਧਕ ਰਿਕਾਰਡ ਹੈ।

ਜ਼ਿਕਰਯੋਗ ਹੈ ਕਿ 18 ਜਨਵਰੀ 2023 ਨੂੰ ਕੁਸ਼ਤੀ ਮਹਾਸੰਘ ਅਤੇ ਪਹਿਲਵਾਨਾਂ ਦਾ ਇਹ ਵਿਵਾਦ ਸਾਹਮਣੇ ਆਇਆ ਸੀ। ਜੰਤਰ-ਮੰਤਰ 'ਤੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਸਮੇਤ ਕਈ ਪਹਿਲਵਾਨ ਇਕੱਠੇ ਹੋਏ ਸਨ। ਉਸੇ ਦਿਨ ਕੁਸ਼ਤੀ ਖਿਡਾਰੀਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਗੰਭੀਰ ਦੋਸ਼ ਲਾਏ ਸਨ। ਪਹਿਲਵਾਨਾਂ ਨੇ ਬ੍ਰਜਭੂਸ਼ਣ 'ਤੇ ਯੌਨ ਸ਼ੋਸ਼ਣ, ਮਨਮਾਨੀ, ਅਪਸ਼ਬਦਾਂ ਦੀ ਵਰਤੋਂ, ਮਾਨਸਿਕ ਸ਼ੋਸ਼ਣ ਅਤੇ ਆਵਾਜ਼ ਚੁੱਕਣ 'ਤੇ ਧਮਕਾਉਣ ਦਾ ਦੋਸ਼ ਲਾਇਆ ਸੀ।