ਰਣਦੀਪ ਹੁੱਡਾ ਰੋਹਤਕ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ , ਭਾਜਪਾ ਵੱਲੋਂ ਟਿਕਟ ਦੀ ਪੇਸ਼ਕਸ਼ !

ਰਣਦੀਪ ਹੁੱਡਾ ਰੋਹਤਕ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ , ਭਾਜਪਾ ਵੱਲੋਂ ਟਿਕਟ ਦੀ ਪੇਸ਼ਕਸ਼ !

ਬਾਲੀਵੁੱਡ ਸਟਾਰ ਰਣਦੀਪ ਹੁੱਡਾ ਹਰਿਆਣਾ ਤੋਂ ਰਾਜਨੀਤੀ ਵਿਚ ਉਤਰ ਸਕਦੇ ਹਨ। ਉਨ੍ਹਾਂ ਦੇ ਰੋਹਤਕ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ। ਭਾਵੇਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਡਾ: ਅਰਵਿੰਦ ਸ਼ਰਮਾ ਹਨ, ਪਰ ਕਾਂਗਰਸ ਦੇ ਸਖ਼ਤ ਮੁਕਾਬਲੇ ਨੂੰ ਦੇਖਦਿਆਂ ਭਾਜਪਾ ਰਣਦੀਪ ਹੁੱਡਾ ਨੂੰ ਇੱਥੋਂ ਦੀ ਬਜਾਏ ਕਰਨਾਲ ਭੇਜ ਕੇ ਇਸ ਸੀਟ ਤੋਂ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਹੈ।  

ਰਣਦੀਪ ਹੁੱਡਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਪੁੱਤਰ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੂੰ ਟੱਕਰ ਦੇ ਸਕਦੇ ਹਨ। ਦੀਪੇਂਦਰ ਨੂੰ ਕਾਂਗਰਸ ਤੋਂ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰਣਦੀਪ ਹੁੱਡਾ ਦਾ ਜਨਮ 20 ਅਗਸਤ 1976 ਨੂੰ ਰੋਹਤਕ ਦੇ ਪਿੰਡ ਜਸੀਆ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਣਬੀਰ ਹੁੱਡਾ ਮੈਡੀਕਲ ਸਰਜਨ ਰਹਿ ਚੁੱਕੇ ਹਨ।

ਉਨ੍ਹਾਂ ਦੀ ਮਾਂ ਆਸ਼ਾ ਹੁੱਡਾ ਇੱਕ ਸਮਾਜ ਸੇਵੀ ਸੀ। ਇਸ ਦੇ ਨਾਲ ਹੀ ਉਹ ਭਾਜਪਾ 'ਚ ਵੀ ਸਰਗਰਮ ਵਰਕਰ ਰਹੀ ਹੈ। ਰਣਦੀਪ ਹੁੱਡਾ ਦਾ ਆਪਣੇ ਪਿੰਡ ਨਾਲ ਕਾਫ਼ੀ ਲਗਾਅ ਹੈ, ਇਸੇ ਲਈ ਉਹ ਅਕਸਰ ਇੱਥੇ ਆਉਂਦੇ ਰਹਿੰਦੇ ਹਨ। ਰਣਦੀਪ ਹੁੱਡਾ ਦੀ ਆਉਣ ਵਾਲੀ ਫਿਲਮ 'ਸਵਾਤੰਤਰ ਵੀਰ ਸਾਵਰਕਰ' 22 ਮਾਰਚ ਨੂੰ ਸ਼ਹੀਦੀ ਦਿਵਸ ਦੇ ਮੌਕੇ 'ਤੇ ਦੋ ਭਾਸ਼ਾਵਾਂ ਹਿੰਦੀ ਅਤੇ ਮਰਾਠੀ 'ਚ ਰਿਲੀਜ਼ ਹੋਵੇਗੀ। ਇਸ 'ਚ ਵੀ ਉਹ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। 

ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਰਣਦੀਪ ਹੁੱਡਾ ਦੇ ਪਰਿਵਾਰ ਨੇ ਇਕ ਨਿੱਜੀ ਚੈਨਲ ਨਾਲ ਖਾਸ ਗੱਲਬਾਤ ਕੀਤੀ ਸੀ ਜਿਸ ਵਿਚ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪੁੱਤਰ ਨੂੰ ਭਾਜਪਾ ਦੀ ਉੱਚ ਲੀਡਰਸ਼ਿਪ ਵਲੋਂ ਚੋਣ ਲੜਨ ਦੀ ਪੇਸ਼ਕਸ਼ ਆਈ ਹੈ। ਇਸ ਮੁੱਦੇ ’ਤੇ ਅਜੇ ਤੱਕ ਕੁਝ ਨਹੀਂ ਸੋਚਿਆ ਹੈ। ਉਹਨਾਂ ਦੇ ਬੇਟੇ ਦੀ ਇਕ ਫ਼ਿਲਮ ਆ ਰਹੀ ਹੈ ਫਿਲਹਾਲ ਉਹ ਇਸ ਦੇ ਪ੍ਰਚਾਰ ’ਚ ਰੁੱਝਿਆ ਹੋਇਆ ਹੈ। ਉਸ ਦਾ ਭਵਿੱਖ ਫ਼ਿਲਮਾਂ ’ਚ ਹੈ। ਇਸ ਸਬੰਧੀ ਉਸ ਨੇ ਜੋ ਵੀ ਫ਼ੈਸਲਾ ਲੈਣਾ ਹੈ, ਉਹ ਖ਼ੁਦ ਹੀ ਲਵੇਗਾ।