ਜਹਾਜ਼ ਐਮਰਜੈਂਸੀ ਲੈਂਡਿੰਗ ਦੌਰਾਨ ਸੜ ਕੇ ਸੁਆਹ ਹੋਇਆ , 3 ਬੱਚਿਆਂ ਸਣੇ 5 ਲੋਕਾਂ ਦੀ ਮੌਤ

ਜਹਾਜ਼ ਐਮਰਜੈਂਸੀ ਲੈਂਡਿੰਗ ਦੌਰਾਨ ਸੜ ਕੇ ਸੁਆਹ ਹੋਇਆ , 3 ਬੱਚਿਆਂ ਸਣੇ 5 ਲੋਕਾਂ ਦੀ ਮੌਤ

ਅਮਰੀਕੀ ਸੂਬੇ ਟੈਨੇਸੀ ਦੇ ਸ਼ਹਿਰ ਨੈਸ਼ਵਿਲ ਨੇੜੇ ਸੋਮਵਾਰ ਸ਼ਾਮ ਨੂੰ ਇੱਕ ਸਿੰਗਲ ਇੰਜਣ ਵਾਲੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਅੱਗ ਲੱਗਣ ਕਾਰਨ 5 ਕੈਨੇਡੀਅਨਾਂ, ਜਿਨ੍ਹਾਂ ਵਿੱਚ ਪਾਇਲਟ ਸਣੇ 2 ਬਾਲਗ ਅਤੇ 3 ਬੱਚੇ ਸ਼ਾਮਲ ਹਨ, ਦੀ ਮੌਤ ਹੋ ਗਈ ਹੈ। ਟੈਨੇਸੀ ਵਿੱਚ ਜਾਂਚਕਰਤਾਵਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਯੂ.ਐੱਸ. ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚਕਰਤਾ ਆਰੋਨ ਮੈਕਕਾਰਟਰ ਨੇ ਕਿਹਾ ਕਿ ਜਹਾਜ਼ ਨੇ ਓਨਟਾਰੀਓ ਤੋਂ ਉਡਾਣ ਭਰੀ ਸੀ ਅਤੇ ਏਜੰਸੀ ਪੀੜਤਾਂ ਦੀ ਪਛਾਣ ਕਰਨ ਲਈ ਕੈਨੇਡੀਅਨ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ।

ਪਾਇਲਟ ਨੇ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 7:40 ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਰੇਡੀਓ 'ਤੇ ਸੂਚਨਾ ਦਿੱਤੀ ਸੀ ਕਿ ਜਹਾਜ਼ ਦਾ ਇੰਜਣ ਬੰਦ ਹੋ ਗਿਆ ਹੈ। ਮੈਟਰੋ ਨੈਸ਼ਵਿਲ ਪੁਲਸ ਨੇ ਕਿਹਾ ਕਿ ਕੰਟਰੋਲ ਟਾਵਰ ਨੇ ਡਾਊਨਟਾਊਨ ਨੈਸ਼ਵਿਲ ਦੇ ਪੱਛਮ ਵਿੱਚ ਜੌਨ ਸੀ ਟਿਊਨ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਲਈ ਮਨਜ਼ੂਰੀ ਦਿੱਤੀ, ਪਰ ਪਾਇਲਟ ਨੇ ਕਿਹਾ ਕਿ ਜਹਾਜ਼ ਰਨਵੇ ਤੱਕ ਨਹੀਂ ਜਾ ਸਕੇਗਾ। ਇਸ ਮਗਰੋਂ ਜਹਾਜ਼ ਇੰਟਰਸਟੇਟ 40 'ਤੇ ਕਰੈਸ਼ ਹੋ ਗਿਆ ਅਤੇ ਅੱਗ ਦੀ ਲਪਟਾਂ ਵਿਚ ਘਿਰ ਗਿਆ, ਜਿਸ ਕਾਰਨ ਇਸ ਵਿਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ।

                   Image

ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਟੈਨੇਸੀ ਵਿੱਚ 5 ਕੈਨੇਡੀਅਨਾਂ ਦੀ ਮੌਤ ਦੀਆਂ ਰਿਪੋਰਟਾਂ ਤੋਂ ਜਾਣੂ ਹੈ, ਪਰ ਗੋਪਨੀਯਤਾ ਸਬੰਧੀ ਚਿੰਤਾਵਾਂ ਕਾਰਨ ਕੋਈ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ। ਬੋਰਡ ਦੇ ਬੁਲਾਰੇ ਲਿਆਮ ਮੈਕਡੋਨਲਡ ਨੇ ਇੱਕ ਈਮੇਲ ਵਿੱਚ ਕਿਹਾ ਕਿ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਯੂ.ਐੱਸ. ਅਧਿਕਾਰੀਆਂ ਦੀ ਅਗਵਾਈ ਵਿੱਚ ਹਾਦਸੇ ਦੇ ਜਾਂਚ ਲਈ ਇੱਕ ਪ੍ਰਤੀਨਿਧੀ ਨਿਯੁਕਤ ਕੀਤਾ ਹੈ।