ਕਾਂਗਰਸ ‘ਤੇ ਚੰਨੀ ਦੀ ਰਿਸਰਚ- ‘ਪਾਰਟੀ ਦਾ ਪਤਨ ਹੋਇਆ ਚਾਪਲੂਸਾਂ ਕਰਕੇ’, MP ਬਿੱਟੂ ਨੇ ਕੀਤੀ ਤਾਰੀਫ਼

ਕਾਂਗਰਸ ‘ਤੇ ਚੰਨੀ ਦੀ ਰਿਸਰਚ- ‘ਪਾਰਟੀ ਦਾ ਪਤਨ ਹੋਇਆ ਚਾਪਲੂਸਾਂ ਕਰਕੇ’, MP ਬਿੱਟੂ ਨੇ ਕੀਤੀ ਤਾਰੀਫ਼

ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਸੀ ਪਰ ਚੰਨੀ ਦੀ ਖੋਜ ਵਿੱਚ ਜੋ ਖ਼ੁਲਾਸਾ ਸਾਹਮਣੇ ਆਇਆ ਹੈ, ਉਹ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਹੈ। ਚੰਨੀ ਦੀ ਖੋਜ ਕਾਂਗਰਸ ਦੀ ਹਾਲਤ ‘ਤੇ ਵੀ ਕੇਂਦਰਿਤ ਸੀ।

ਕਾਂਗਰਸੀ ਆਗੂ ਨੇ ਪ੍ਰੋ. ਇਮੈਨੁਅਲ ਨਾਹਰ ਦੀ ਅਗਵਾਈ ਹੇਠ ਖੋਜ ਕੀਤੀ। ਉਨ੍ਹਾਂ 2004 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਿਸਰਚ ਸ਼ੁਰੂ ਕੀਤੀ ਸੀ। ਇਹ ਖੋਜ ਪਾਰਟੀ ਦੇ ਕੇਂਦਰੀ ਸੰਗਠਨ ਅਤੇ ਚੋਣ ਰਣਨੀਤੀ ‘ਤੇ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਸੱਤਾ ਕਿਉਂ ਗੁਆ ਚੁੱਕੀ ਹੈ। ਚੰਨੀ ਦਾ ਵਿਸ਼ਾ ਭਾਰਤੀ ਰਾਸ਼ਟਰੀ ਕਾਂਗਰਸ ਕੇਂਦਰੀ ਸੰਗਠਨ, ਸਾਲ 2004 ਤੋਂ ਚੋਣ ਰਣਨੀਤੀ ਸੀ।

ਖੋਜ ਮੁਤਾਬਕ ਕਾਂਗਰਸ ਦਾ ਪਤਨ ਚਾਪਲੂਸੀ ਦੇ ਸੱਭਿਆਚਾਰ ਕਾਰਨ ਹੋਇਆ ਹੈ। ਪਾਰਟੀ ਇਨ੍ਹਾਂ ਚਾਪਲੂਸਾਂ ‘ਤੇ ਨਿਰਭਰ ਰਹੀ ਹੈ। ਕਾਂਗਰਸ ਵਿੱਚ ਇਹ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨੂੰ ਲੈ ਕੇ ਨਿਸ਼ਠਾ ਰੱਖਣ ਵਾਲੇ ਲੋਕਾਂ ਦਾ ਮਨੋਬਲ ਲਗਾਤਾਰ ਰੇਤ ਦੇ ਪਹਾੜ ਵਾਂਗ ਢਹਿੰਦਾ ਜਾ ਰਿਹਾ ਹੈ।

ਰਿਸਰਚ ਵਿੱਚ ਹਰ ਰਾਜ ਵਿੱਚ ਕਾਂਗਰਸ ਦੀ ਗੁੱਟਬਾਜ਼ੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਲੋਕਲ ਮੁੱਦਿਆਂ ਦਾ ਹਾਈਕਮਾਨ ਤੱਕ ਪਹੁੰਚ ਜਾਣਾ ਵੀ ਕਾਂਗਰਸ ਲਈ ਚਿੰਤਾ ਵਾਲੀ ਗੱਲ ਹੈ। ਖੋਜ ਵਿੱਚ ਹਰ ਰਾਜ ਵਿੱਚ ਹੋ ਰਹੀ ਧੜੇਬੰਦੀ ਦਾ ਵੀ ਖੁਲਾਸਾ ਹੋਇਆ ਹੈ, ਜਿਸ ਵਿੱਚ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ, ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ, ਮੱਧ ਪ੍ਰਦੇਸ਼ ਵਿੱਚ ਜੋਤੀਰਾਦਿਤਿਆ ਸਿੰਧੀਆ ਦਾ 18 ਵਿਧਾਇਕ ਛੱਡਣਾ, ਕਮਲਨਾਥ ਦੀ ਸਰਕਾਰ ਡਿੱਗਣਾ, ਛੱਤੀਸਗੜ੍ਹ ਵਿੱਚ ਭੁਪੇਸ਼ ਬਘੇਲ ਅਤੇ ਟੀਐਸ ਸਿੰਘ ਦਿਓ ਦਾ ਵਿਵਾਦ ਅਤੇ ਅਜਿਹੇ ਮੁੱਦੇ ਹਨ, ਜਿਵੇਂਕਿ ਕਰਨਾਟਕ ਵਿੱਚ ਗੱਠਜੋੜ ਸਰਕਾਰ ਦੇ ਡਿੱਗਣ ਦਾ ਜ਼ਿਕਰ ਕੀਤਾ ਗਿਆ ਹੈ।

ਚਰਨਜੀਤ ਸਿੰਘ ਚੰਨੀ ਦੀ ਇਸ ਖੋਜ ਦੇ ਖੁਲਾਸੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਆਗੂ ਚੁੱਪ ਧਾਰੀ ਬੈਠੇ ਹਨ, ਪਰ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖੁੱਲ੍ਹ ਕੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਖੋਜ ਕਾਗਜ਼ੀ ਖੋਜ ਨਹੀਂ ਹੈ ਅਤੇ ਉਨ੍ਹਾਂ ਰਿਸਰਚ ਦੌਰਾਨ ਸਖ਼ਤ ਮਿਹਨਤ ਕੀਤੀ ਹੈ। ਅਜਿਹੀ ਸਥਿਤੀ ਵਿੱਚ ਪਾਰਟੀ ਨੂੰ ਖੋਜ ਦੇ ਨਤੀਜਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ। ਪਾਰਟੀ ਦੇ ਢਾਂਚੇ ਨੂੰ ਹੋਰ ਸੁਧਾਰਨ ਲਈ ਚੰਨੀ ਜੀ ਨੇ ਜੋ ਖੋਜ ਕੱਢੀ ਹੈ, ਉਸ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ।