ਬ੍ਰਿਟਿਸ਼ PM ਸੁਨਕ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ। 

ਬ੍ਰਿਟਿਸ਼ PM ਸੁਨਕ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ। 

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ ਲਿਆ। ਫ਼ੈਸਲੇ ਮੁਤਾਬਕ ਬ੍ਰਿਟੇਨ ਹੁਣ ਯੂਨੀਵਰਸਿਟੀਆਂ ਦੀਆਂ ਉਨ੍ਹਾਂ ਡਿਗਰੀਆਂ 'ਤੇ ਪਾਬੰਦੀ ਲਗਾਵੇਗਾ ਜਿਸ ਵਿਚ ਡਰੌਪਆਊਟ ਸਭ ਤੋਂ ਵੱਧ ਹੁੰਦੇ ਹਨ। ਨਾਲ ਹੀ ਜਿਹੜੇ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ ਉਹ ਵੀ ਖ਼ਤਮ ਕਰ ਦਿੱਤੇ ਜਾਣਗੇ। ਅਸਲ ਵਿਚ ਪੀ.ਐੱਮ. ਸੁਨਕ ਚਾਹੁੰਦੇ ਹਨ ਕਿ ਉੱਚ ਸਿੱਖਿਆ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਲੈ ਕੇ ਆਏ। ਇਸ ਤੋਂ ਬਾਅਦ ਜੌਬ ਮਾਰਕੀਟ 'ਚ ਬਦਲਾਅ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸਿੱਖਿਆ ਵਿਭਾਗ (ਡੀਐਫਈ) ਦੀਆਂ ਸਕੀਮਾਂ ਵਿੱਚ ਉਹ ਡਿਗਰੀਆਂ, ਜਿਨ੍ਹਾਂ ਤੋਂ ਬਾਅਦ ਕੋਰਸ ਉਪਲਬਧ ਨਹੀਂ ਹਨ ਅਤੇ ਜ਼ਿਆਦਾ ਡਰੌਪਆਉਟ ਵਾਲੀਆਂ ਡਿਗਰੀਆਂ 'ਤੇ ਵੀ ਕੰਟਰੋਲ ਕੀਤਾ ਜਾਵੇਗਾ। ਸੁਨਕ ਨੇ ਕਿਹਾ ਕਿ ਯੂਕੇ ਵਿੱਚ ਬਹੁਤ ਸਾਰੀਆਂ ਮਹਾਨ ਯੂਨੀਵਰਸਿਟੀਆਂ ਹਨ ਅਤੇ ਉਥੋਂ ਡਿਗਰੀ ਪ੍ਰਾਪਤ ਕਰਨਾ ਬਹੁਤ ਲਾਹੇਵੰਦ ਹੈ, ਪਰ ਕਈ ਸੰਸਥਾਵਾਂ ਅਜਿਹੀਆਂ ਹਨ ਜੋ ਨੌਜਵਾਨਾਂ ਨੂੰ ਝੂਠੇ ਸੁਪਨੇ ਵੇਚ ਰਹੀਆਂ ਹਨ। ਅਜਿਹੇ ਅਦਾਰੇ ਟੈਕਸ ਦਾਤਿਆਂ ਦੇ ਖਰਚੇ 'ਤੇ ਨੌਜਵਾਨਾਂ ਨੂੰ ਘਟੀਆ ਪੱਧਰ ਦੇ ਕੋਰਸ ਕਰਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਘਟੀਆ ਪੱਧਰ ਦੇ ਕੋਰਸ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਅਸੀਂ ਹੁਨਰ ਸਿਖਲਾਈ ਦੇ ਪ੍ਰਬੰਧ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਾਂਗੇ। ਨਾਲ ਹੀ ਸਿੱਖਿਆ ਵਿਭਾਗ ਨੂੰ ਕੋਰਸਾਂ ਵਿੱਚ ਚੰਗੇ ਨਤੀਜੇ ਨਾ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਯੂਕੇ ਦੇ ਸਿੱਖਿਆ ਮੰਤਰੀ ਗਿਲੀਅਨ ਕੀਗਨ ਨੇ ਕਿਹਾ ਕਿ ਵਿਦਿਆਰਥੀ ਅਤੇ ਟੈਕਸਦਾਤਾ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਨਿਵੇਸ਼ ਬਰਬਾਦ ਨਹੀਂ ਹੋਵੇਗਾ।

ਰਿਪੋਰਟਾਂ ਅਨੁਸਾਰ ਯੂਕੇ ਵਿੱਚ 10 ਵਿੱਚੋਂ 3 ਗ੍ਰੈਜੂਏਟ ਚੰਗੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਇਸ ਦੇ ਨਾਲ ਹੀ ਹਾਇਰ ਐਜੂਕੇਸ਼ਨ ਸਟੈਟਿਸਟਿਕਸ ਏਜੰਸੀ ਦੀ ਰਿਪੋਰਟ ਮੁਤਾਬਕ ਬ੍ਰਿਟੇਨ 'ਚ ਐਗਰੀਕਲਚਰ, ਆਰਟਸ, ਆਨਰਜ਼ ਵਰਗੇ ਵਿਸ਼ਿਆਂ 'ਚ ਸਭ ਤੋਂ ਜ਼ਿਆਦਾ ਡਰੌਪਆਊਟ ਮਤਲਬ ਸਕੂਲ ਛੱਡਣ ਦੇ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਸਰਕਾਰ ਵੱਲੋਂ ਅਜਿਹੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਕਿ ਕਿਹੜੇ-ਕਿਹੜੇ ਕੋਰਸ ਬੰਦ ਕੀਤੇ ਜਾਣਗੇ ਪਰ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਵੀਂ ਨੀਤੀ ਕਾਰਨ ਆਰਟਸ ਅਤੇ ਹਿਊਮੈਨਟੀਜ਼ ਦੇ ਕੋਰਸਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਮੀਦ ਕੀਤੀ ਜਾਂਦੀ ਹੈ ਕਿ ਕੋਰਸਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਯੂਕੇ ਸਰਕਾਰ ਜਲਦੀ ਹੀ ਇੱਕ ਨਵਾਂ ਡਿਜੀਟਲ ਪਲੇਟਫਾਰਮ ਲਾਂਚ ਕਰੇਗੀ। ਜਿੱਥੇ ਨੌਜਵਾਨ ਟੀ ਲੈਵਲ (ਤਕਨੀਕੀ ਅਧਾਰਤ ਯੋਗਤਾ) ਤੋਂ ਲੈ ਕੇ ਸਕਿੱਲ ਬੂਟਕੈਂਪ ਅਤੇ ਲੋੜੀਂਦੇ ਕੋਰਸਾਂ ਦੀ ਜਾਣਕਾਰੀ ਇੱਕੋ ਥਾਂ 'ਤੇ ਪ੍ਰਾਪਤ ਕਰ ਸਕਣਗੇ। ਪੀ.ਐੱਮ. ਸੁਨਕ ਨੇ ਕਿਹਾ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਤੁਹਾਨੂੰ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ ਹੈ। ਬਹੁਤ ਸਾਰੇ ਲੋਕਾਂ ਲਈ ਯੂਨੀਵਰਸਿਟੀ ਵਿਚ ਪੜ੍ਹਨਾ ਹੀ ਸਭ ਕੁਝ ਹੈ, ਪਰ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਮੌਜੂਦਾ ਸਿੱਖਿਆ ਪ੍ਰਣਾਲੀ ਨੇ ਨਿਰਾਸ਼ ਕਰ ਦਿੱਤਾ ਹੈ। ਹਾਲਾਂਕਿ ਉੱਥੇ ਦੀ ਲੇਬਰ ਪਾਰਟੀ ਪ੍ਰਧਾਨ ਮੰਤਰੀ ਦੇ ਬਿਆਨ ਦੀ ਆਲੋਚਨਾ ਕਰ ਰਹੀ ਹੈ। ਉਨ੍ਹਾਂ ਅਨੁਸਾਰ ਇਸ ਨਾਲ ਨੌਜਵਾਨਾਂ ਦੀਆਂ ਇੱਛਾਵਾਂ 'ਤੇ ਰੋਕ ਲੱਗੇਗੀ।