- Updated: October 01, 2026 11:09 AM
ਕੈਨੇਡਾ ਦਾ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ 40 ਲੱਖ ਰੁਪਏ ਦੀ ਕਥਿਤ ਠੱਗੀ ਅਤੇ ਦੋ ਨੌਜਵਾਨਾਂ ਨੂੰ ਇਥੋਪੀਆ ਵਿਖੇ ਕਥਿਤ ਤੌਰ ’ਤੇ ਬੰਦੀ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸਨੌਲੀਆਂ ਅਤੇ ਮੰਡਿਆਣਾ ਦੇ ਵਸਨੀਕ ਹਰਚੰਦ ਕੁਮਾਰ ਅਤੇ ਲਵਪ੍ਰੀਤ ਸਿੰਘ ਨੇ ਇਸ ਸਬੰਧੀ ਐੱਸ.ਐੱਸ.ਪੀ. ਪਟਿਆਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਥਿਤ ਦੋਸ਼ੀਆਂ ਵਿਰੁਧ ਕਾਰਵਾਈ ਅਤੇ ਦੋਵੇਂ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤ ਮੁਤਾਬਕ ਉਨ੍ਹਾਂ ਦੀ ਮੁਲਾਕਾਤ ਇਕ ਸਮਾਗਮ ਦੌਰਾਨ ਕੁਲਦੀਪ ਸਿੰਘ ਨਾਲ ਹੋਈ ਸੀ, ਜਿਸ ਨੇ ਅਪਣੇ ਆਪ ਨੂੰ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲਾ ਦਸਦਿਆਂ ਕੈਨੇਡਾ ਵਰਕ ਵੀਜ਼ੇ ’ਤੇ ਭੇਜਣ ਦਾ ਭਰੋਸਾ ਦਿਤਾ।
ਉਨ੍ਹਾਂ ਦਸਿਆ ਕਿ ਹਰਚੰਦ ਕੁਮਾਰ ਦੇ ਲੜਕੇ ਰੋਹਿਤ ਕੁਮਾਰ ਅਤੇ ਲਵਪ੍ਰੀਤ ਸਿੰਘ ਦੇ ਭਰਾ ਜਸਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਪ੍ਰਤੀ ਵਿਅਕਤੀ 20 ਲੱਖ ਰੁਪਏ ਦੀ ਮੰਗ ਕੀਤੀ ਗਈ। ਦੋਵਾਂ ਨੌਜਵਾਨਾਂ ਲਈ ਕੁੱਲ 40 ਲੱਖ ਰੁਪਏ ਦੇਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਵਿਚੋਂ 34 ਲੱਖ ਰੁਪਏ ਬੈਂਕ ਖਾਤੇ ਰਾਹੀਂ ਅਤੇ 6 ਲੱਖ ਰੁਪਏ ਨਕਦ ਦਿਤੇ ਜਾਣ ਦੀ ਗੱਲ ਕਹੀ ਗਈ ਹੈ। ਸ਼ਿਕਾਇਤਕਰਤਾਵਾਂ ਅਨੁਸਾਰ 24 ਸਤੰਬਰ ਨੂੰ ਦੋਵੇਂ ਨੌਜਵਾਨਾਂ ਨੂੰ ਚੰਡੀਗੜ੍ਹ ਤੋਂ ਜੈਪੁਰ ਅਤੇ ਉਥੋਂ ਇਥੋਪੀਆ ਭੇਜਿਆ ਗਿਆ। ਇਸ ਤੋਂ ਬਾਅਦ ਪਰਵਾਰਾਂ ਨੂੰ ਦਸਿਆ ਗਿਆ ਕਿ ਦੋਵੇਂ ਨੌਜਵਾਨ ਕੈਨੇਡਾ ਪਹੁੰਚ ਗਏ ਹਨ। ਪਰਵਾਰਾਂ ਅਨੁਸਾਰ ਵੀਡੀਓ ਕਾਲ ਰਾਹੀਂ ਗੱਲ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਬਾਅਦ ਵਿਚ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਨੌਜਵਾਨ ਕੈਨੇਡਾ ਨਹੀਂ ਪਹੁੰਚੇ।
ਪਰਵਾਰਾਂ ਨੇ ਦੋਸ਼ ਲਾਇਆ ਕਿ ਰੋਹਿਤ ਕੁਮਾਰ ਅਤੇ ਜਸਪ੍ਰੀਤ ਸਿੰਘ ਅਜੇ ਵੀ ਇਥੋਪੀਆ ਵਿਚ ਹਨ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਇਕ ਕਮਰੇ ਵਿਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ। ਪਰਵਾਰਾਂ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਫੋਨ ਆਉਣ ਲੱਗੇ ਅਤੇ ਦੋਵੇਂ ਨੌਜਵਾਨਾਂ ਨੂੰ ਛੁਡਾਉਣ ਲਈ ਹੋਰ 20 ਲੱਖ ਰੁਪਏ ਦੀ ਮੰਗ ਕੀਤੀ ਗਈ। ਉਨ੍ਹਾਂ ਐਸ.ਐਸ.ਪੀ. ਪਟਿਆਲਾ ਤੋਂ ਮਾਮਲੇ ਦੀ ਤੁਰਤ ਡੂੰਘਾਈ ਨਾਲ ਜਾਂਚ ਕਰਵਾਉਣ ਤੇ ਦੋਵੇਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ।