- Updated: April 02, 2024 03:03 PM
ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਸਬੰਧੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਕਦੇ ਮਰਦਾ ਨਹੀਂ।
CM ਮਾਨ ਨੇ ਟਵੀਟ 'ਚ ਲਿਖਿਆ, "ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਹੈ। ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ, ਇਨਕਲਾਬ ਜ਼ਿੰਦਾਬਾਦ।"
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਮਨੀ ਲਾਂਡਰਿੰਗ ਮਾਮਲੇ 'ਚ ਆਪਣੀ ਗ੍ਰਿਫ਼ਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਤਿੰਨ ਜੱਜਾਂ ਸੰਜੀਵ ਖੰਨਾ, ਜੱਜ ਦੀਪਾਂਕਰ ਦੱਤਾ ਅਤੇ ਜੱਜ ਪੀ.ਬੀ. ਵਰਾਲੇ ਦੀ ਬੈਂਚ ਨੇ 6 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਸੰਜੇ ਸਿੰਘ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਬੈਂਚ ਨੇ ਈ.ਡੀ. ਤੋਂ ਪੁੱਛਿਆ ਸੀ ਕਿ ਆਖ਼ਰ ਸੰਜੇ ਸਿੰਘ ਨੂੰ ਅਜੇ ਵੀ ਜੇਲ੍ਹ 'ਚ ਰੱਖਣ ਦੀ ਲੋੜ ਕਿਉਂ ਹੈ? ਕੋਰਟ ਨੂੰ ਸੰਜੇ ਸਿੰਘ ਦੇ ਵਕੀਲ ਨੇ ਦੱਸਿਆ ਸੀ ਕਿ ਮਨੀ ਲਾਂਡਰਿੰਗ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਮਨੀ ਟਰੇਲ ਦਾ ਵੀ ਪਤਾ ਨਹੀਂ ਲੱਗ ਹੈ। ਇਸ ਦੇ ਬਾਵਜੂਦ ਸੰਜੇ ਸਿੰਘ 6 ਮਹੀਨੇ ਤੋਂ ਜੇਲ੍ਹ 'ਚ ਹਨ।