PM ਮੋਦੀ ਨੇ ਸ਼ਾਹਬਾਜ਼ ਸ਼ਰੀਫ ਦੇ ਸਾਹਮਣੇ ਸੁਣਾਈਆਂ ਖਰ੍ਹੀਆਂ,ਕਿਹਾ-ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਦੀ SCO ਨੂੰ ਕਰਨੀ ਚਾਹੀਦੀ ਹੈ ਆਲੋਚਨਾ

PM ਮੋਦੀ ਨੇ ਸ਼ਾਹਬਾਜ਼ ਸ਼ਰੀਫ ਦੇ ਸਾਹਮਣੇ ਸੁਣਾਈਆਂ ਖਰ੍ਹੀਆਂ,ਕਿਹਾ-ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਦੀ SCO ਨੂੰ ਕਰਨੀ ਚਾਹੀਦੀ ਹੈ ਆਲੋਚਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਵਰਚੁਅਲ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਅੱਤਵਾਦ ਦੇ ਮੁੱਦੇ ਨੂੰ ਲੈ ਕੇ ਜਿੱਥੇ ਇਸ਼ਾਰਿਆਂ-ਇਸ਼ਾਰਿਆਂ 'ਚ ਪਾਕਿਸਤਾਨ ਨੂੰ ਖਰ੍ਹੀਆਂ-ਖਰ੍ਹੀਆਂ ਸੁਣਾਈਆਂ, ਉਥੇ ਹੀ ਦੁਨੀਆ ਨੂੰ ਵੀ ਇਸਦੇ ਖ਼ਤਰੇ ਤੋਂ ਜਾਣੂ ਕਰਵਾਇਆ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਤਵਾਦ ਕਿਸੇ ਵੀ ਰੂਪ ਹੋਵੇ, ਸਾਨੂੰ ਉਸ ਖਿਲਾਫ ਮਿਲ ਕੇ ਲੜਨਾ ਹੋਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਾਹਮਣੇ ਹੀ ਪੀ.ਐੱਮ. ਮੋਦੀ ਨੇ ਕਿਹਾ ਕਿ ਕੁਝ ਦੇਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ। ਅਜਿਹੇ ਦੇਸ਼ਾਂ ਦੀ ਆਲੋਚਨਾ ਕਰਨ ਤੋਂ ਐੱਸ.ਸੀ.ਓ. ਦੇਸ਼ਾਂ ਨੂੰ ਬਿਲਕੁਲ ਵੀ ਝਿਜਕਣਾ ਨਹੀਂ ਚਾਹੀਦਾ।

ਪੀ.ਐੱਮ. ਨੇ ਕਿਹਾ ਕਿ ਅੱਤਵਾਦ ਗਲੋਬਲ ਸ਼ਾਂਤੀ ਲਈ ਵੱਡਾ ਖਤਰਾ ਹੈ। ਨਾਲ ਹੀ ਪੀ.ਐੱਮ. ਮੋਦੀ ਨੇ ਕਿਹਾ ਕਿ ਐੱਸ.ਸੀ.ਓ., ਯੂਰੇਸ਼ੀਆ ਦੀ ਸ਼ਾਂਤੀ, ਖੁਸ਼ਹਾਲੀ, ਵਿਕਾਸ ਲਈ ਪ੍ਰਮੁੱਖ ਮੰਚ ਦੇ ਰੂਪ 'ਚ ਉਭਰਿਆ ਹੈ। ਯੂਰੇਸ਼ੀਆ ਦੇ ਨਾਲ ਭਾਰਤ ਦੇ ਹਜ਼ਾਰਾਂ ਸਾਲ ਪੁਰਾਣੇ ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸੰਬੰਧ ਸਾਡੀ ਸਾਂਝੀ ਵਿਰਾਸਤ ਦਾ ਜੀਊਂਦਾ ਜਾਗਦਾ ਸਬੂਤ ਹਨ।

ਉਨ੍ਹਾਂ ਕਿਹਾ ਕਿ ਐੱਸ.ਸੀ.ਓ. ਦੇ ਪ੍ਰਧਾਨ ਦੇ ਰੂਪ 'ਚ ਭਾਰਤ ਨੇ ਬਹੁਮੁਖੀ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਸੰਮੇਲਨ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਸ਼ਾਮਲ ਹੋਏ। ਭਾਰਤ ਸ਼ੰਘਾਈ ਯਹਿਯੋਗ ਸੰਗਠਨ (ਐੱਸ.ਸੀ.ਓ.) ਦਾ ਪੂਰਣ ਮੈਂਬਰ ਅਸਤਾਨਾ ਸ਼ਿਖਰ ਸੰਮੇਲਨ 'ਚ ਸਾਲ 2017 'ਚ ਬਣਿਆ ਸੀ। ਭਾਰਤ 2005 'ਚ ਨਿਗਰਾਨ ਦੇਸ਼ ਵਜੋਂ ਐੱਸ.ਸੀ.ਓ. 'ਚ ਸ਼ਾਮਲ ਹੋਇਆ ਸੀ।