- Updated: February 28, 2024 08:21 PM
ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਆਏ ਕਿਸਾਨ ਪ੍ਰਿਤਪਾਲ ਸਿੰਘ ਨਾਲ ਹਰਿਆਣਾ ਪੁਲਸ ਵੱਲੋਂ ਅਗਵਾ ਕਰ ਕੇ ਭਿਆਨਕ ਰੂਪ 'ਚ ਕੁੱਟਮਾਰ ਕੀਤੀ ਗਈ ਸੀ। ਇਸ ਕੁੱਟਮਾਰ ਕਾਰਨ ਪ੍ਰਿਤਪਾਲ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਗੰਭੀਰ ਸੱਟਾਂ ਆਈਆਂ ਸਨ, ਤੇ ਉਸ ਦੀਆਂ ਕਈ ਹੱਡੀਆਂ 'ਚ ਫਰੈਕਚਰ ਵੀ ਆ ਗਿਆ ਸੀ।
ਇਸ ਦੌਰਾਨ ਪ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਦੇ ਪੁੱਤਰ 'ਤੇ ਕਿਸਾਨਾਂ ਦੀ ਸੇਵਾ ਕਰਨ ਲਈ ਹਰਿਆਣਾ ਪੁਲਸ ਵੱਲੋਂ ਤਸ਼ੱਦਦ ਕੀਤੀ ਗਈ ਹੈ, ਜਿਸ ਕਾਰਨ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਉਸ ਦੀ ਜਾਨ ਨੂੰ ਵੀ ਖ਼ਤਰਾ ਹੈ ਜਿਸ ਕਾਰਨ ਉਸ ਨੂੰ ਸੁਰੱਖਿਆ ਦਿੱਤੀ ਜਾਵੇ।
ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਿਤਪਾਲ ਦੇ ਪਿਤਾ ਦੀ ਮੰਗ ਮੰਨ ਲਈ ਗਈ ਹੈ ਤੇ ਪ੍ਰਿਤਪਾਲ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਿਤਪਾਲ ਸਿੰਘ ਇਕ ਦੋਧੀ ਦਾ ਕੰਮ ਕਰਦਾ ਹੈ ਤੇ ਕਿਸਾਨ ਅੰਦੋਲਨ 'ਚ ਕਿਸਾਨਾਂ ਲਈ ਦੁੱਧ ਦੀ ਸੇਵਾ ਕਰਨ ਦੌਰਾਨ ਉਸ ਨੂੰ 21 ਫਰਵਰੀ ਨੂੰ ਹਰਿਆਣਾ ਪੁਲਸ ਵੱਲੋਂ ਅਗਵਾ ਕਰ ਲਿਆ ਗਿਆ ਸੀ ਤੇ ਉਸ 'ਤੇ ਕਾਫ਼ੀ ਭਿਆਨਕ ਤਸ਼ੱਦਤ ਢਾਹੀ ਗਈ ਸੀ। ਉਸ ਨੂੰ ਇਲਾਜ ਲਈ ਰੋਹਤਕ ਦੇ ਪੀ.ਜੀ.ਆਈ. ਵਿਖੇ ਦਾਖਲ ਕਰਵਾਇਆ ਗਿਆ ਸੀ।
ਪਰ ਪੰਜਾਬ ਸਰਕਾਰ ਵੱਲੋਂ ਉਸ ਨੂੰ ਪੰਜਾਬ ਲਿਆਂਦਾ ਗਿਆ ਤਾਂ ਜੋ ਉਸ ਦਾ ਚੰਗੇ ਤਰੀਕੇ ਨਾਲ ਇਲਾਜ ਕਰਵਾਇਆ ਜਾ ਸਕੇ ਤੇ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਕਿਸਾਨ ਅੰਦੋਲਨ 'ਚ ਜ਼ਖ਼ਮੀ ਹੋਏ ਸਾਰੇ ਲੋਕਾਂ ਦਾ ਇਲਾਜ ਪੰਜਾਬ 'ਚ ਬਿਨਾਂ ਕਿਸੇ ਪੈਸੇ ਦੇ ਮੁਫ਼ਤ ਕੀਤਾ ਜਾਵੇਗਾ।