ਸ਼ੀਤਲ ਅੰਗੁਰਾਲ ਭਾਜਪਾ ''ਚ ਸ਼ਾਮਲ ਹੋਣ ਤੋਂ ਬਾਅਦ ਵੱਡੇ ਵਿਵਾਦ ''ਚ ਘਿਰੇ

ਸ਼ੀਤਲ ਅੰਗੁਰਾਲ ਭਾਜਪਾ ''ਚ ਸ਼ਾਮਲ ਹੋਣ ਤੋਂ ਬਾਅਦ ਵੱਡੇ ਵਿਵਾਦ ''ਚ ਘਿਰੇ

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਦੀ ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲੇ ਵਿਚ ਜੁੜੇ ਤਸਕਰ ਮਨੀ ਨਾਲ ਤਸਵੀਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਇੰਟਰਨੈਸ਼ਨਲ ਪੱਧਰ ਦੀ ਡਰੱਗ ਚੇਨ ਨਾਲ ਜੁੜੇ ਯੂ. ਕੇ. ਵਿਚ ਬੈਠੇ ਨਸ਼ਾ ਤਸਕਰ ਮਨੀ ਠਾਕੁਰ ਨਾਲ ਸ਼ੀਤਲ ਦੀ ਤਸਵੀਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਸ ਨੂੰ ਆਧਾਰ ਬਣਾ ਕੇ ਸਿਟੀ ਪੁਲਸ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਸ਼ੀਤਲ ਨੂੰ ਇਸ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ। 

ਦੱਸਣਯੋਗ ਹੈ ਕਿ ਮਾਰਚ ਮਹੀਨੇ ਵਿਚ ਜਲੰਧਰ ਪੁਲਸ ਵਲੋਂ ਅੰਤਰਰਾਸ਼ਟਰੀ ਡਰੱਗ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸ ਦਾ ਸਰਗਨਾ ਮਨੀਸ਼ ਉਰਫ ਮਨੀ ਠਾਕੁਰ ਹੈ। ਜੋ ਕਿ ਇਸ ਸਮੇਂ ਯੂ. ਕੇ. ਵਿਚ ਬੈਠਾ ਹੈ। ਉਥੋਂ ਹੀ ਉਹ ਗੈਂਗ ਨੂੰ ਆਪਰੇਟ ਕਰ ਰਿਹਾ ਹੈ। 

ਇਕ ਮੀਡੀਆ ਧਿਰ ਨਾਲ ਗੱਲਬਾਤ ਕਰਦੇ ਹੋਏ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੇਰੇ 'ਤੇ ਲੱਗੇ ਸਾਰੇ ਦੋਸ਼ ਗਲਤ ਹਨ। ਮਨੀ ਨਾਲ ਮੇਰੇ ਕੋਈ ਨਿੱਜੀ ਸੰਬੰਧ ਨਹੀਂ ਹਨ। ਉਹ ਮੈਨੂੰ ਜਾਣਦਾ ਸੀ ਅਤੇ ਉਸ ਨੇ ਮੇਰੀ 2022 ਵਿਧਾਨ ਸਭਾ ਚੋਣਾਂ ਵਿਚ ਮਦਦ ਕੀਤੀ ਸੀ। ਜਿਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ। ਵਿਦੇਸ਼ ਵਿਚ ਉਹ ਕੀ ਕਰ ਰਿਹਾ ਹੈ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਸਿਰਫ ਮੇਰੀ ਹੀ ਮਦਦ ਨਹੀਂ ਕੀਤੀ ਸਗੋਂ ਕਈ ਹੋਰ ਆਗੂਆਂ ਦੀ ਮਦਦ ਕੀਤੀ ਹੈ। ਜਲਦ ਹੀ ਮੈਂ ਇਸ ਬਾਰੇ ਖੁਲਾਸਾ ਕਰਾਂਗਾ।