- Updated: March 07, 2026 04:59 PM
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਭੁੱਚੋ ਤੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਨੂੰ ਹਲਕਾ ਭੁੱਚੋ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭੁੱਚੋ ਮੰਡੀ ਵਿਖੇ ਕੀਤੀ ਗਈ 'ਪੰਜਾਬ ਬਚਾਓ ਰੈਲੀ' ਦੌਰਾਨ ਡਾ. ਦਲਜੀਤ ਸਿੰਘ ਗੁਰੂ ਨੂੰ ਹਲਕਾ ਭੁੱਚੋ ਤੋਂ ਉਮੀਦਵਾਰ ਐਲਾਨਦਿਆਂ ਕਿਹਾ ਕਿ ਹਲਕਾ ਵਾਸੀਆਂ ਨੂੰ ਬਹੁਤ ਹੀ ਵਧੀਆ ਬੰਦਾ ਦਿੱਤਾ ਹੈ ਅਤੇ ਡਾ. ਦਲਜੀਤ ਸਿੰਘ ਗੁਰੂ ਨੂੰ ਚੋਣਾਂ ਜਿਤਾ ਕੇ ਵਿਧਾਨ ਸਭਾ ਤੱਕ ਪਹੁੰਚਾਓ।
ਉਨ੍ਹਾਂ ਕਿਹਾ ਕਿ ਹਲਕੇ ਵਿਚ ਜਿਨ੍ਹਾਂ ਦੇ ਘਰਾਂ ਵਿਚ ਪਸ਼ੂ ਹਨ, ਉਨ੍ਹਾਂ ਲਈ ਮੁਫ਼ਤ ਡਾਕਟਰ ਦਿੱਤਾ ਜਾ ਰਿਹਾ ਹੈ, ਜੋ ਮੁਫ਼ਤ ਵਿਚ ਪਸ਼ੂਆਂ ਦਾ ਟੀਕਾਕਰਨ ਕਰ ਦਿਆਂ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਤਾਂ ਸਿਰਫ਼ ਕਰੀਬ 9-10 ਮਹੀਨੇ ਰਹਿ ਗਏ ਹਨ ਅਤੇ ਪੰਜਾਬ ਨੂੰ ਬਚਾ ਲਵੋ। ਉਨ੍ਹਾਂ ਕਿਹਾ ਕਿ ਚੋਣ ਮੈਦਾਨ ਵਿਚ ਦਿੱਲੀ ਦੀਆਂ ਤਿੰਨ ਪਾਰਟੀਆਂ ਹਨ ਜਦਕਿ ਪੰਜਾਬ ਦੀ ਇਕੱਲੀ ਬਜ਼ੁਰਗਾਂ ਦੀ ਬਣਾਈ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੀ ਚੋਣ ਮੈਦਾਨ ਵਿਚ ਹੈ ਅਤੇ ਇਸ ਫ਼ੌਜ ਨੂੰ ਤਗੜਾ ਕਰ ਦਿਓ ਅਤੇ ਇਸ ਡਾ. ਦਲਜੀਤ ਸਿੰਘ ਨੂੰ ਵਿਧਾਇਕ ਬਣਾ ਦਿਓ ਫਿਰ ਤੁਸੀਂ ਵੀ ਵੇਖੋਗੇ ਕਿ ਕਿਵੇਂ ਪੰਜਾਬ ਤਰੱਕੀ ਕਰਦਾ ਹੈ।
ਉਥੇ ਹੀ ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਕਈ ਅਹਿਮ ਐਲਾਨ ਕੀਤੇ। ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ 2027 ਵਿਚ ਸਾਡੀ ਸਰਕਾਰ ਆਈ ਤਾਂ ਪੰਜਾਬ ਦੇ ਦਰਿਆਵਾਂ ਵਿਚ ਇਕ ਵੀ ਕਿਸੇ ਫੈਕਟਰੀ, ਸੀਵਰੇਜ ਦਾ ਪਾਣੀ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਸਾਡੀ ਸਰਕਾਰ ਆਉਣ 'ਤੇ ਫਿਰ ਤੋਂ ਕਬੱਡੀ ਵਰਲਡ ਕੱਪ ਸ਼ੁਰੂ ਕੀਤਾ ਜਾਵੇਗਾ।