ਤਰਨਤਾਰਨ ''ਚ ਪੁੱਤ ਨੇ ਮਤਰੇਈ ਮਾਂ ਦਾ ਚਾਕੂਆਂ ਨਾਲ ਕੀਤਾ ਕਤਲ

ਤਰਨਤਾਰਨ ''ਚ ਪੁੱਤ ਨੇ ਮਤਰੇਈ ਮਾਂ ਦਾ ਚਾਕੂਆਂ ਨਾਲ ਕੀਤਾ ਕਤਲ

ਤਰਨਤਾਰਨ ਸ਼ਹਿਰ ਦੀ ਗਲੀ ਵਾਲੀਆ ਵਾਲੀ 'ਚ ਮਾਮੂਲੀ ਗੱਲ ਨੂੰ ਲੈ ਕੇ ਇੱਕ ਪੁੱਤ ਨੇ ਆਪਣੀ ਮਤਰੇਈ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਵਾਲੀਆ ਵਾਲੀ, ਤਰਨ ਤਾਰਨ ਵਜੋਂ ਹੋਈ ਹੈ। ਜਿਥੇ ਪੁੱਤ ਵੱਲੋਂ ਬੀਤੀ ਰਾਤ ਆਪਣੀ ਮਤਰੇਈ ਮਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ।

ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ (48) ਪਤਨੀ ਸੁਖਦੇਵ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਨੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸਾਲ 2003 'ਚ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਇਆ ਸੀ। ਪਹਿਲੀ ਪਤਨੀ ਦੇ ਬੇਟੇ ਲਵਪ੍ਰੀਤ ਸਿੰਘ ਨੇ ਆਪਣੀ ਭੈਣ ਦੇ ਸਾਹਮਣੇ ਹੀ ਮਤਰੇਈ ਮਾਂ ਦੇ ਸਰੀਰ 'ਤੇ ਚਾਕੂਆਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮ੍ਰਿਤਕਾ ਦੀ ਧੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।