ਇਟਲੀ ''ਚ ਸਿੱਖ ਸੰਸਥਾਵਾਂ ਵੱਲੋਂ ਰੱਖਿਆ ਮੰਤਰੀ ਰਾਜਨਾਥ ਨੂੰ ਆਪਣੇ ਫ਼ੈਸਲੇ ਨੂੰ ਵਾਪਸ ਲੈਣ ਲਈ ਕੀਤੀ ਅਪੀਲ। 

ਇਟਲੀ ''ਚ ਸਿੱਖ ਸੰਸਥਾਵਾਂ ਵੱਲੋਂ ਰੱਖਿਆ ਮੰਤਰੀ ਰਾਜਨਾਥ ਨੂੰ ਆਪਣੇ ਫ਼ੈਸਲੇ ਨੂੰ ਵਾਪਸ ਲੈਣ ਲਈ ਕੀਤੀ ਅਪੀਲ। 

ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਫ਼ੌਜ ਅੰਦਰ ਸੇਵਾ ਨਿਭਾ ਰਹੇ ਸਿੱਖ ਫ਼ੌਜੀਆਂ ਲਈ ਨਵੀਂ ਲੋਹਟੋਪ ਨੀਤੀ ਲਿਆਉਣ ’ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਸਮੂਹ ਆਗੂਆਂ ਅਤੇ ਕਈ ਸਿੱਖ ਸੰਸਥਾਵਾਂ ਦੇ ਅਹੁੱਦੇਦਾਰਾਂ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਹਨਾਂ ਆਗੂਆਂ ਵੱਲੋਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਰਤ ਸਰਕਾਰ ਨੂੰ ਫ਼ੈਸਲਾ ਵਾਪਸ ਲੈਣ ਲਈ ਆਖਿਆ ਗਿਆ ਹੈ। ਸਿੱਖ ਆਗੂਆਂ ਨੇ ਆਖਿਆ ਹੈ ਕਿ ਭਾਰਤੀ ਫ਼ੌਜ ਵਿਚ ਕਾਰਜਸ਼ੀਲ ਸਿੱਖਾਂ ਲਈ ਵਿਸ਼ੇਸ਼ ਲੋਹਟੋਪ ਲਾਗੂ ਕਰਨ ਦੇ ਫ਼ੈਸਲੇ ਨਾਲ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਸਿੱਖ ਮਰਯਾਦਾ ਨੂੰ ਢਾਹ ਲੱਗੇਗੀ। ਉਨ੍ਹਾਂ ਆਖਿਆ ਕਿ ਸਿੱਖ ਮਰਯਾਦਾ ਅਨੁਸਾਰ ਦਸਤਾਰ ਸਿੱਖ ਲਈ ਕੇਵਲ ਕੱਪੜਾ ਹੀ ਨਹੀਂ ਹੈ, ਸਗੋਂ ਇਹ ਸਿੱਖ ਵਿਰਾਸਤ ਦੀ ਲਖਾਇਕ ਹੋਣ ਦੇ ਨਾਲ-ਨਾਲ ਅਧਿਆਤਮਿਕਤਾ ਅਤੇ ਸਿਧਾਂਤਕ ਮਹੱਤਵ ਵਾਲੀ ਵੀ ਹੈ। ਦਸਤਾਰ ਪ੍ਰਤੀ ਸਿੱਖਾਂ ਦੀ ਵਚਨਬੱਧਤਾ ਸਿੱਖੀ ਗੌਰਵ ਅਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਨੂੰ ਵੀ ਦਰਸਾਉਂਦੀ ਹੈ। ਉਨ੍ਹਾਂ ਕਿਹਾ ਸਿੱਖ ਫ਼ੌਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਲੜਦੇ ਹਨ ਤੇ ਅਜਿਹਾ ਕਰਨ ਨਾਲ ਸਿੱਖ ਸਿਪਾਹੀਆਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਵੱਡੀ ਸੱਟ ਵੱਜੇਗੀ।

ਉਨ੍ਹਾਂ ਕਿਹਾ ਕਿ ਇਹ ਭਾਰਤ ਦੇਸ਼ ਦੀ ਵਿਲੱਖਣਤਾ ਹੈ ਕਿ ਇਥੇ ਵੱਸਣ ਵਾਲੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੇ ਧਰਮ, ਸੱਭਿਆਚਾਰ ਅਤੇ ਮਰਯਾਦਾ ਦਾ ਪਾਲਣ ਕਰਦਿਆਂ ਦੇਸ਼ ਲਈ ਯੋਗਦਾਨ ਦਿੰਦੇ ਹਨ। ਇੰਨਾਂ ਆਗੂਆਂ ਦਾ ਮੰਨਣਾ ਹੈ ਕਿ ਦਸਤਾਰ ਸਿੱਖ ਸੈਨਿਕਾਂ ਨੂੰ ਯੁੱਧ ਵਿੱਚ ਫ਼ਤਿਹ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਹੈ।ਸ਼ਾਇਦ ਇਸੇ ਕਰਕੇ ਸਿੱਖ ਰੈਜੀਮੈਂਟ ਦਾ ਭਾਰਤੀ ਸੈਨਾ ਵਿੱਚ ਇਕ ਵਿਲੱਖਣ ਸਥਾਨ ਰਿਹਾ ਹੈ।ਇਤਰਾਜ਼ ਕਰ ਰਹੇ ਇਹਨਾਂ ਆਗੂਆਂ ਵਿਚ ਵਿੱਚ ਭਾਈ ਰਵਿੰਦਰਜੀਤ ਸਿੰਘ ਬੱਸੀ ਮੁੱਖ ਸੇਵਾਦਾਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਭਾਈ ਸੁਰਿੰਦਰਜੀਤ ਸਿੰਘ ਪੰਡੋਰੀ, ਭਾਈ ਸੁਲਿੰਦਰਜੀਤ ਸਿੰਘ ਸੋਨੀ ਬੱਤੀਪਾਲੀਆ, ਬਾਬਾ ਭਾਈ ਮਨਜੀਤ ਸਿੰਘ ਜੱਸੋਮਜਾਰਾ, ਰੋਮ ਗਿਆਨੀ ਸੁਰਿੰਦਰ ਸਿੰਘ ਵਿਲੈਤਰੀ, ਹਰਦੀਪ ਸਿੰਘ ਬੁੜੈਲ, ਕਰਮਜੀਤ ਸਿੰਘ ਢਿੱਲੋ ਸਬੋਦੀਆ, ਕੁਲਵਿੰਦਰ ਸਿੰਘ ਫੌਦੀ , ਮਨਜੀਤ ਸਿੰਘ ਵਿਤੈਰਬੋ ਰਵਿੰਦਰ ਸਿੰਘ ਮਿੰਟਾ ,ਹਰਪ੍ਰੀਤ ਸਿੰਘ ਜ਼ੀਰਾ ਨਛਤੱਰ ਸਿੰਘ ਚਿਸਤੈਰਨਾ,ਸੁਰਿੰਦਰ ਸਿੰਘ ਸੋਢੀ ਪੁਨਤੀਨੀਆ ਅੰਤਰ ਰਾਸ਼ਟਰੀ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਸਮੇਤ ਸਿੱਖ ਵਿਦਵਾਨ ਸ਼ਾਮਲ ਹਨ। ਇਟਲੀ ਅਤੇ ਯੂਰਪ ਦੇ ਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ  ਅਪੀਲ ਕਰਦਿਆ ਕਿਹਾ ਗਿਆ ਹੈ ਕਿ ਉਹ ਸਿੱਖ ਫ਼ੌਜੀਆਂ ਲਈ ਲਿਆਂਦੀ ਜਾ ਰਹੀ ਨਵੀਂ ਲੋਹਟੋਪ ਨੀਤੀ ਨੂੰ ਤੁਰੰਤ ਵਾਪਸ ਲੈਣ, ਤਾਂ ਜੋ ਰੱਖਿਆ ਸੇਵਾਵਾਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਬਰਕਰਾਰ ਰਹੇ।