ਮੁੱਖ ਮੰਤਰੀ ਮਾਨ ਗੁਆਂਢੀ ਸੂਬਿਆਂ ’ਚ ਪਾ ਰਹੇ ਭੰਗੜੇ ਪਰ ਪੰਜਾਬ ਦੇ ਹਾਲਾਤ ਹੋਏ ਡਾਵਾਂਡੋਲ : ਬਿਕਰਮ ਮਜੀਠੀਆ 

 ਮੁੱਖ ਮੰਤਰੀ ਮਾਨ ਗੁਆਂਢੀ ਸੂਬਿਆਂ ’ਚ ਪਾ ਰਹੇ ਭੰਗੜੇ ਪਰ ਪੰਜਾਬ ਦੇ ਹਾਲਾਤ ਹੋਏ ਡਾਵਾਂਡੋਲ : ਬਿਕਰਮ ਮਜੀਠੀਆ 

ਮਾਝੇ ਦੇ ਜਰਨੈਲ ਵਜੋਂ ਜਾਣੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਰਕਿੰਗ ਕਮੇਟੀ ਮੈਂਬਰ ਜਥੇ. ਦਿਲਬਾਗ ਸਿੰਘ ਵਡਾਲੀ ਆਪਣੇ ਸਾਥੀਆਂ ਸਮੈਤ ਮਿਲੇ। ਇਸ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੇ ਹਾਲਾਤ ਦਿਨੋ-ਦਿਨ ਡਾਵਾਂਡੋਲ ਹੁੰਦੇ ਜਾ ਰਹੇ ਹਨ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੇਫਿਕਰੇ ਹੋ ਕੇ ਗੁਆਂਢੀ ਸੂਬਿਆਂ ’ਚ ਭੰਗੜੇ ਪਾਉਂਦੇ ਫਿਰ ਰਹੇ ਹਨ।

ਮਜੀਠੀਆ ਨੇ ਕਿਹਾ ਕਿ ‘ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜਿਊਣ’ ਦੀ ਕਹਾਵਤ ਮੁਤਾਬਕ ਹਰ ਪਾਸੇ ਆਪਣੀਆਂ ਸਿਫ਼ਤਾਂ ਦੇ ਖ਼ੁਦ ਹੀ ਪੁਲ ਬੰਨ੍ਹਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਇਹ ਤਾਂ ਦੱਸ ਦੇਣ ਕਿ ਪੰਜਾਬ ਵਾਸੀਆਂ ਲਈ ਉਨ੍ਹਾਂ ਨੇ ਅਜਿਹਾ ਕਿਹੜਾ ਮਾਅਰਕਾ ਮਾਰ ਦਿੱਤਾ ਹੈ ਕਿ ਉਹ ‘ਬੋਲਦਾ ਪੰਜਾਬ ਦੇ’ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਭਰਮਾਉਣ ਤੁਰ ਪਏ ਹਨ। ਮਜੀਠੀਆ ਨੇ ਕਿਹਾ ਕਿ ਸੂਬੇ ਦੇ ਖਜ਼ਾਨੇ ਨੂੰ ਗੁਆਂਢੀ ਸੂਬਿਆਂ ਦੀਆਂ ਚੋਣਾਂ ’ਤੇ ਬੇਦਰਦੀ ਨਾਲ ਲੁਟਾਉਣ ਵਾਲੇ ‘ਆਪ’ ਦੇ ਲੀਡਰਾਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ।