- Updated: July 08, 2025 06:52 PM
ਸਥਾਨਕ ਬਲਿਆਲ ਰੋਡ 'ਤੇ ਮੰਗਲਵਾਰ ਨੂੰ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਬੇਸਬੈਟ, ਡੰਡੇ ਅਤੇ ਤਲਵਾਰਾਂ ਨਾਲ ਲੈਸ ਇਕ ਦਰਜਨ ਦੇ ਕਰੀਬ ਅਣਪਛਾਤੇ ਨਕਾਬਪੋਸ਼ ਬਦਮਾਸ਼ਾਂ ਨੇ ਇਕ ਸੋਸ਼ਲ ਮੀਡੀਆ ਇਨਫਲੂਐਂਸਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਸਿਰ ਅਤੇ ਬਾਂਹ 'ਤੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਮਗਰੋਂ ਉਸਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇੱਥੇ ਸਰਕਾਰੀ ਹਸਪਤਾਲ ਵਿਖੇ ਇਲਾਜ ਅਧੀਨ ਹੈਪੀ ਸ਼ਰਮਾ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸ਼ਹਿਰ 'ਚ ਖੁੱਲ੍ਹੇਆਮ ਕਥਿਤ ਨਸ਼ੇ ਦਾ ਸੇਵਨ ਕਰਦੇ ਨੌਜਵਾਨ ਦੀ ਇਕ ਵੀਡੀਓ ਅਪਲੋਡ ਕੀਤੀ ਸੀ, ਵਾਇਰਲ ਵੀਡੀਓ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਦੇਖਿਆ ਅਤੇ ਸਾਂਝਾ ਵੀ ਕੀਤਾ। ਹੈਪੀ ਨੇ ਦੱਸਿਆ ਕਿ ਅੱਜ ਜਦੋਂ ਉਹ ਬਲਿਆਲ ਰੋਡ 'ਤੇ ਆਪਣੇ ਘਰ ਦੇ ਬਾਹਰ ਦੁਕਾਨ ਦੇ ਅੰਦਰ ਬੈਠਾ ਸੀ ਤਾਂ 10-12 ਨਕਾਬਪੋਸ਼ ਬਦਮਾਸ਼ਾਂ ਜਿਨ੍ਹਾਂ ਦੇ ਹੱਥਾਂ 'ਚ ਬੇਸਬੱਲੇ, ਡਾਂਗਾਂ ਅਤੇ ਤਲਵਾਰਾਂ ਸਨ ਨੇ ਅਚਾਨਕ ਉਸ ਉਪਰ ਹਮਲਾ ਕਰ ਦਿੱਤਾ। ਹਮਲੇ ਦੌਰਾਨ ਡੂੰਘੀ ਸੱਟ ਲੱਗਣ ਕਾਰਨ ਉਸਦੇ ਸਿਰ ਵਿਚ ਕਈ ਟਾਂਕੇ ਲੱਗੇ ਇਸ ਤੋਂ ਇਲਾਵਾ ਉਸਦੀ ਬਾਂਹ ਵੀ ਤਿੰਨ ਥਾਂ ਤੋਂ ਟੁੱਟ ਗਈ। ਹੈਪੀ ਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰੰਤੂ ਉਸਨੂੰ ਸ਼ੱਕ ਹੈ ਕਿ ਇਹ ਹਮਲਾ ਉਸਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਚਿੱਟੇ ਦੀ ਡੋਜ਼ ਲੈਂਦੇ ਇਕ ਨੌਜਵਾਨ ਦੀ ਵੀਡੀਓ ਅਪਲੋਡ ਕਰਨ ਕਰਕੇ ਹੋਇਆ ਹੈ।
ਉਧਰ, ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਨੇ ਕਿਹਾ ਕਿ ਪੁਲਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਕਾਰਵਾਈ ਕਰ ਰਹੀ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਹੋਰ ਪਹਿਲੂਆਂ ਨੂੰ ਵੀ ਦੇਖਿਆ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਜਲਦ ਹੀ ਦੋਸ਼ੀਆਂ ਦੀ ਪਛਾਣ ਕਰ ਲਵੇਗੀ ਜਿਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।