ਕੈਨੇਡਾ ਦੇ B.C. ’ਚ ਪਾਵਨ ਸਰੂਪਾਂ ਦੇ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਨੋਟਿਸ

ਕੈਨੇਡਾ ਦੇ B.C. ’ਚ ਪਾਵਨ ਸਰੂਪਾਂ ਦੇ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਨੋਟਿਸ

ਕੈਨੇਡਾ B.C ’ਚ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੇ ਸਖਤ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਵਾਲੀ ਗੱਡੀ ਨੂੰ ਬਿਨਾਂ ਚੈੱਕ ਕੀਤੇ ਸਰੂਪ ਦੇਣ ਦੇ ਮਾਮਲੇ ’ਚ ਗੁਰਦੁਆਰਾ ਪ੍ਰਬੰਧਕਾਂ ਤੋਂ 15 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਨਾਲ ਹੀ ਪਾਵਨ ਸਰੂਪਾਂ ਦੀ ਗਿਣਤੀ, ਸੰਗਤ ਨੂੰ ਮੁਹੱਈਆ ਕਰਵਾਏ ਸਰੂਪਾਂ ਅਤੇ ਮੌਜੂਦਾ ਸਰੂਪਾਂ ਸਬੰਧੀ ਮੁਕੰਮਲ ਵੇਰਵੇ ਦੀ ਵੀ ਮੰਗ ਕੀਤੀ ਗਈ ਹੈ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਟੋਰਾਂਟੋ ਤੋਂ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈਣ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਬੀ.ਸੀ, ਕੈਨੇਡਾ ਵਿਖੇ ਪਹੁੰਚੇ ਸਨ, ਜਿਸ ‘ਤੇ ਪਾਵਨ ਸਰੂਪ ਲੈ ਕੇ ਜਾਣ ਵਾਲੀ ਗੱਡੀ ਨੂੰ ਚੈੱਕ ਕੀਤੇ ਬਿਨਾਂ ਹੀ ਪਾਵਨ ਸਰੂਪ ਦੇਣ ਦੀ ਆਗਿਆ ਦੇ ਦਿੱਤੀ ਗਈ। ਇਸ ਘਟਨਾ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਭਾਰੀ ਰੋਸ ਹੈ।

ਹਾਲਾਂਕਿ ਇਸ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਨੇ ਆਪਣਾ ਸਪੱਸ਼ਟੀਕਰਨ ਅਤੇ ਮੁਆਫੀ ਗੁਰਦੁਆਰਾ ਸਾਹਿਬ ਦੇ ਸੋਸ਼ਲ ਮੀਡੀਆ ਰਾਹੀਂ ਜਨਤਕ ਕੀਤੀ ਗਈ ਹੈ, ਫਿਰ ਵੀ ਇਸ ਅਣਗਹਿਲੀ ਲਈ ਗੁਰਦੁਆਰਾ ਪ੍ਰਬੰਧਕਾਂ ਦਾ ਲਿਖਤੀ ਸਪੱਸ਼ਟੀਕਰਨ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗਿਆ ਹੈ।

ਇਸ ਦੇ ਨਾਲ ਹੀ ਹੁਕਮਾਂ ਵਿਚ ਗੁਰਦੁਆਰਾ ਪ੍ਰਬੰਧਕਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਹੁੰਚੇ ਹਨ, ਉਨ੍ਹਾਂ ਪਾਵਨ ਸਰੂਪ ਵਿਚੋਂ ਕਿੰਨੇ ਪਾਵਨ ਸਰੂਪ ਸੰਗਤ ਨੂੰ ਮੁਹੱਈਆ ਕਰਵਾਏ, ਕਿੰਨੇ ਗੁਰਦੁਆਰਾ ਪ੍ਰਬੰਧਕਾਂ ਕੋਲ ਮੌਜੂਦ ਹਨ ਅਤੇ ਕਿੰਨੇ ਪਾਵਨ ਸਰੂਪ ਦੀ ਸੰਗਤਾਂ ਹੋਰ ਮੰਗ ਕਰ ਰਹੀਆਂ ਹਨ, ਇਸ ਬਾਰੇ ਵੀ ਮੁਕੰਮਲ ਜਾਣਕਾਰੀ ਵੇਰਵੇ ਸਹਿਤ ਭੇਜਣ ਲਈ ਕਿਹਾ ਗਿਆ ਹੈ।