ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ,ਪੰਜਾਬ ਸਣੇ ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਖੁੰਝੇ ਹੋਰ ਸੂਬਿਆਂ ਨੂੰ ਮਿਲੇਗਾ ਇਹ ਮੌਕਾ

ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ,ਪੰਜਾਬ ਸਣੇ ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਖੁੰਝੇ ਹੋਰ ਸੂਬਿਆਂ ਨੂੰ ਮਿਲੇਗਾ ਇਹ ਮੌਕਾ

ਪੰਜਾਬ ਸਣੇ ਭਾਰਤ ਦੇ ਉਹ ਸੂਬੇ ਜੋ ਇਸ ਸਾਲ ਦੇ ਵਨਡੇ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਤੋਂ ਖੁੰਝ ਗਏ ਹਨ, ਉਨ੍ਹਾਂ ਨੂੰ ਆਉਣ ਵਾਲੇ ਘਰੇਲੂ ਸੈਸ਼ਨ ਦੌਰਾਨ 50 ਓਵਰਾਂ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਸੁਝਾਅ ਦਿੱਤਾ ਹੈ ਕਿ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸਥਾਨ ਘਰੇਲੂ ਸੀਜ਼ਨ ਦੌਰਾਨ ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਦੀ ਆਪਣੀ ਵਾਰੀ ਛੱਡ ਦੇਣਗੇ ਤਾਂ ਜੋ ਉਨ੍ਹਾਂ ਰਾਜ ਸੰਘਾਂ ਨੂੰ ਭਰਪਾਈ ਕੀਤੀ ਜਾ ਸਕੇ ਜੋ ਇਸ ਵੱਕਾਰੀ ਆਈ.ਸੀ.ਸੀ. ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਤੋਂ ਖੁੰਝ ਗਏ ਹਨ। 

ਰਾਜ ਸੰਘਾਂ ਨੂੰ ਲਿਖੇ ਪੱਤਰ 'ਚ ਸ਼ਾਹ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪ੍ਰਸਤਾਵ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਸਥਾਨਾਂ ਦੇ ਅਧਿਕਾਰੀਆਂ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਹੈ, ਜਿਸ 'ਚ ਦਿੱਲੀ, ਧਰਮਸ਼ਾਲਾ, ਚੇਨਈ, ਕੋਲਕਾਤਾ, ਮੁੰਬਈ, ਪੁਣੇ, ਹੈਦਰਾਬਾਦ, ਅਹਿਮਦਾਬਾਦ, ਬੇਂਗਲੁਰੂ ਅਤੇ ਲਖਨਊ ਸ਼ਾਮਲ ਹਨ। ਹਾਲਾਂਕਿ, ਵਿਸ਼ਵ ਕੱਪ ਦੌਰਾਨ ਸਿਰਫ ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਗੁਹਾਟੀ ਅਤੇ ਤਿਰੂਵਨੰਤਪੁਰਮ ਨੂੰ ਆਉਣ ਵਾਲੇ ਸੀਜ਼ਨ ਵਿੱਚ ਮੇਜ਼ਬਾਨੀ ਦਾ ਮੌਕਾ ਮਿਲੇਗਾ। ਸ਼ਾਹ ਨੇ ਇਸ ਹਫਤੇ ਦੇ ਸ਼ੁਰੂ ਵਿਚ ਵਿਸ਼ਵ ਕੱਪ ਦੇ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਰਾਜ ਸੰਘਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਸੀ।

ਸ਼ਾਹ ਨੇ ਕਿਹਾ, “ਸਾਡੀ ਮੀਟਿੰਗ ਦੌਰਾਨ, ਮੈਂ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2023 ਦੇ ਮੈਚਾਂ ਦੀ ਨਿਰਪੱਖ ਵੰਡ ਨੂੰ ਯਕੀਨੀ ਬਣਾਉਣ ਲਈ ਇੱਕ ਹੱਲ ਦਾ ਪ੍ਰਸਤਾਵ ਰੱਖਿਆ ਸੀ। ਮੈਂ ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਅਸਾਮ ਅਤੇ ਕੇਰਲ ਨੂੰ ਛੱਡ ਕੇ ਹੋਰ ਮੇਜ਼ਬਾਨ ਸੰਘਾਂ ਨੂੰ ਦੁਵੱਲੇ ਅੰਤਰਰਾਸ਼ਟਰੀ ਸੀਜ਼ਨ ਦੌਰਾਨ ਵਨਡੇ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਆਪਣੀ ਵਾਰੀ ਨੂੰ ਸਵੈਇੱਛਤ ਤੌਰ 'ਤੇ ਛੱਡ ਦੇਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਉਨ੍ਹਾਂ ਰਾਜ ਸੰਘਾਂ ਨੂੰ ਐਡਜਸਟ ਕਰਨ ਲਈ ਰੱਖਿਆ ਗਿਆ ਸੀ ਜੋ ਕਿ ਬਦਕਿਸਮਤੀ ਨਾਲ ਕ੍ਰਿਕਟ ਵਿਸ਼ਵ ਦੀ ਮੇਜ਼ਬਾਨੀ ਤੋਂ ਖੁੰਝ ਗਏ ਸਨ।'

ਸ਼ਾਹ ਨੇ ਪੱਤਰ ਵਿੱਚ ਕਿਹਾ, "ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪ੍ਰਸਤਾਵ ਨੂੰ ਮੀਟਿੰਗ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਐਸੋਸੀਏਸ਼ਨਾਂ ਤੋਂ ਸਰਬਸੰਮਤੀ ਨਾਲ ਸਹਿਮਤੀ ਅਤੇ ਸਮਰਥਨ ਪ੍ਰਾਪਤ ਹੋਇਆ ਹੈ।" ਵਿਸ਼ਵ ਕੱਪ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ। ਹੈਦਰਾਬਾਦ ਨੂੰ ਛੱਡ ਕੇ ਸਾਰੇ ਪ੍ਰਮੁੱਖ ਸਥਾਨ ICC ਵਿਸ਼ਵ ਕੱਪ ਦੌਰਾਨ 5 ਮੈਚਾਂ ਦੀ ਮੇਜ਼ਬਾਨੀ ਕਰਨਗੇ। ਹੈਦਰਾਬਾਦ 6 ਅਕਤੂਬਰ ਤੋਂ ਤਿੰਨ ਮੈਚਾਂ ਦੇ ਆਯੋਜਨ ਤੋਂ ਪਹਿਲਾਂ ਪਾਕਿਸਤਾਨ ਦੇ 2 ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰੇਗਾ। ਪਾਕਿਸਤਾਨ ਵਿਸ਼ਵ ਕੱਪ ਦੇ ਆਪਣੇ 2 ਲੀਗ ਮੈਚ ਉੱਪਲ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇਗਾ।